ਫੂਡ ਸੇਫਟੀ ਵਿੰਗ ਵੱਲੋਂ ਛਾਪੇਮਾਰੀ; 1000 ਕਿਲੋ ਸ਼ੱਕੀ ਮਿਲਾਵਟੀ ਪਨੀਰ ਤੇ 68 ਕਿਲੋ ਮਿਲਕ ਕਰੀਮ ਜ਼ਬਤ
ਪਨੀਰ, ਕਰੀਮ, ਘਿਓ, ਦਹੀਂ ਅਤੇ ਦੁੱਧ ਦੇ 9 ਸੈਂਪਲ ਭਰੇ
ਫੂਡ ਸੇਫਟੀ ਟੀਮ ਵੱਲੋਂ ਅੱਜ ਤੜਕਸਾਰ ਇੱਕ ਪਨੀਰ ਸਪਲਾਇਰ ਦੀ ਦੁਕਾਨ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸੈਂਪਲ ਭਰਨ ਤੋਂ ਇਲਾਵਾ 1000 ਕਿਲੋ ਸ਼ੱਕੀ ਮਿਲਾਵਟੀ ਪਨੀਰ ਅਤੇ 68 ਕਿਲੋ ਕਰੀਮ ਮੌਕੇ ’ਤੇ ਜ਼ਬਤ ਕੀਤੀ ਗਈ।
ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਾਪੇਮਾਰੀ ਦੌਰਾਨ ਮਾਡਲ ਹਾਊਸ ਇਲਾਕੇ ਵਿੱਚ ਸਥਿਤ ਡੇਅਰੀ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਡੇਅਰੀ ਦੇ ਮਾਲਕ ਕੋਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਖ਼ਰੀਦ-ਵੇਚ ਸਬੰਧੀ ਰਿਕਾਰਡ ਦੀ ਮੰਗ ਕੀਤੀ ਗਈ। ਡੇਅਰੀ ਮਾਲਕ ਨੇ ਟੀਮ ਨੂੰ ਦੱਸਿਆ ਕਿ ਉਸ ਵੱਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਕਾਲਾ ਸੰਘਿਆ ਰੋਡ ਵਿਖੇ ਬਣਾਏ ਜਾਂਦੇ ਹਨ। ਟੀਮ ਨੇ ਉਸ ਦੇ ਨਾਲ ਉਸ ਵੱਲੋਂ ਦੱਸੇ ਗਏ ਪਤੇ ’ਤੇ ਜਾ ਕੇ ਵੀ ਚੈਕਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਸ ਵੱਲੋਂ ਉੱਥੇ ਘਿਓ ਅਤੇ ਦਹੀਂ ਹੀ ਬਣਾਇਆ ਜਾਂਦਾ ਹੈ ਅਤੇ ਪਨੀਰ ਉੱਥੇ ਨਹੀਂ ਤਿਆਰ ਕੀਤਾ ਜਾਂਦਾ। ਦੁਕਾਨ ਮਾਲਕ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਪਨੀਰ ਦੇ 2, ਕਰੀਮ, ਘਿਓ ਅਤੇ ਦਹੀਂ ਦਾ ਇੱਕ-ਇੱਕ ਸੈਂਪਲ ਲੈਣ ਉਪਰੰਤ ਪਨੀਰ ਅਤੇ ਕਰੀਮ ਵਿੱਚ ਮਿਲਾਵਟ ਦੇ ਸ਼ੱਕ ਦੇ ਆਧਾਰ ’ਤੇ ਸਾਰਾ ਸਟਾਕ, ਲਗਪਗ 1000 ਕਿਲੋ ਪਨੀਰ ਅਤੇ 68 ਕਿਲੋ ਕਰੀਮ ਨੂੰ ਮੌਕੇ ’ਤੇ ਜ਼ਬਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਹੋਰ ਡੇਅਰੀਆਂ ਤੋਂ ਦੁੱਧ ਦੇ 3 ਅਤੇ ਘਿਉ ਦਾ ਇੱਕ ਸੈਂਪਲ ਇਕੱਤਰ ਕੀਤੇ ਗਏ। ਸਾਰੇ ਕੁੱਲ 9 ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੀਜ਼ ਕੀਤੇ ਗਏ ਸਟਾਕ ਦੇ ਸੈਂਪਲਾਂ ਦੀ ਰਿਪੋਰਟ ਜਲਦ ਤੋਂ ਜਲਦ ਭੇਜਣ ਲਈ ਫੂਡ ਐਨਾਲਿਸਟ ਨੂੰ ਲਿਖ ਦਿੱਤਾ ਗਿਆ ਹੈ। ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ ਅਗਲੇਰੀ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

