ਪਾਲ ਸਿੰਘ ਨੌਲੀ
ਜਲੰਧਰ, 11 ਜੁਲਾਈ
ਲੰਘੀ ਰਾਤ ਪਏ ਮੀਂਹ ਤੇ ਹਨੇਰੀ ਕਾਰਨ ਟੁੱਟ ਕੇ ਪਾਣੀ ’ਚ ਡਿੱਗੀ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਇੱਥੋਂ ਦੇ ਪੀਰ ਬੋਦਲਾਂ ਬਾਜ਼ਾਰ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਦੋਵੇਂ ਪਿਓ-ਪੁੱਤਰ ਮੋਟਰਸਾਈਕਲ ’ਤੇ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਗੁਲਸ਼ਨ ਕੁਮਾਰ (44) ਤੇ ਉਸਦੇ ਪੁੱਤਰ ਮਨ ਅਰੋੜਾ (13) ਵਾਸੀ ਅਲੀ ਮੁਹੱਲੇ ਵਜੋਂ ਹੋਈ।
ਜਾਣਕਾਰੀ ਮੁਤਾਬਕ ਗੁਲਸ਼ਨ ਕੁਮਾਰ ਦੀ ਪੱਕਾ ਬਾਗ ’ਚ ਇਕ ਫੋਟੋ ਫਰੇਮ ਦੀ ਦੁਕਾਨ ਸੀ, ਜਿਥੋਂ ਉਸ ਨੂੰ ਲੈਣ ਲਈ ਰੋਜ਼ਾਨਾ ਉਸ ਦਾ 13 ਸਾਲ ਦਾ ਬੇਟਾ ਮਨ ਅਰੋੜਾ ਆਉਦਾ ਸੀ। ਸ਼ੁੱਕਰਵਾਰ ਰਾਤ ਮੀਂਹ ਪੈਣ ਮਗਰੋਂ ਵੀ ਉਹ ਦੋਵੇਂ ਦੁਕਾਨ ਤੋਂ ਘਰ ਵਾਪਸ ਜਾ ਰਹੇ ਸਨ ਕਿ ਪੀਰ ਬੋਦਲਾਂ ਬਾਜ਼ਾਰ ’ਚ ਸੜਕ ’ਤੇ ਪਾਣੀ ਡਿੱਗੀ ਬਿਜਲੀ ਦੀ ਤਾਰ ਦੀ ਲਪੇਟ ਆ ਗਏ ਅਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਥੋਂ ਲੰਘ ਰਹੇ ਰਾਹਗੀਰਾਂ ਨੇ ਡੰਡੇ ਦੀ ਮਦਦ ਨਾਲ ਉਨ੍ਹਾਂ ਨੂੰ ਤਾਰ ਤੋਂ ਵੱਖ ਕੀਤਾ ਅਤੇ ਈਐੱਸਆਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਵਿਧਾਇਕ ਰਾਜਿੰਦਰ ਬੇਰੀ ਹਸਪਤਾਲ ਪਹੁੰਚ ਗਏ ਸਨ ਤੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਰਾਬਤਾ ਕਰਕੇ ਉਨ੍ਹਾਂ ਸੂਚਨਾ ਦਿੱਤੀ। ਵਿਧਾਇਕ ਬੇਰੀ ਨੇ ਕਿਹਾ ਕਿ ਮਾਮਲੇ ’ਚ ਪਹਿਲੀ ਨਜ਼ਰੇ ਪਾਵਰਕੌਮ ਦੀ ਕਥਿਤ ਲਾਪ੍ਰਵਾਹੀ ਨਜ਼ਰ ਆਉਂਦੀ ਹੈ।
ਇਸ ਮਾਮਲੇ ’ਚ ਥਾਣਾ ਚਾਰ ਦੇ ਇੰਚਾਰਜ ਦਾ ਕਹਿਣਾ ਹੈ ਕਿ ਕੁਦਰਤੀ ਆਫ਼ਤ ਕਾਰਨ ਦੋਵਾਂ ਦੀ ਮੌਤ ਹੋਈ ਹੈ, ਇਸ ’ਚ ਪੁਲੀਸ ਕਾਰਵਾਈ ਨਹੀਂ ਬਣਦੀ। ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਮਗਰੋਂ ਭੜਕੇ ਦੁਕਾਨਦਾਰਾਂ ਨੇ ਅੱਜ ਪਾਵਰਕੌਮ ਦਾ ਪੁਤਲਾ ਫੂਕਿਆ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਕਈ ਵਾਰ ਸਮੱਸਿਆ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਵੀ ਪਾਵਰਕੌਮ ਦੇ ਅਧਿਕਾਰੀਆਂ ਨੇ ਮਸਲਾ ਹੱਲ ਨਹੀਂ ਸੀ ਕੀਤਾ ਜਿਸ ਕਾਰਨ ਪਿਓ-ਪੁੱਤ ਨੂੰ ਜਾਨ ਤੋਂ ਹੱਥ ਧੋਣਾ ਪਿਆ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਪਹਿਲਾਂ ਵੀ ਢਿੱਲੀਆਂ ਤਾਰਾਂ ਕਾਰਨ ਦੋ ਦੁਕਾਨਾਂ ’ਚ ਅੱਗ ਲੱਗ ਗਈ ਸੀ। ਦੁਕਾਨਦਾਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਹੱਲ ਨਾ ਹੋਈ ਤਾਂ ਉਹ ਡੀਸੀ ਦਫ਼ਤਰ ਅੱਗੇ ਧਰਨਾ ਦੇਣਗੇ।
ਪਾਵਰਕੌਮ ਦੀ ਕੋਈ ਲਾਪ੍ਰਵਾਹੀ ਨਹੀਂ: ਐੱਸਈ
ਪਾਵਰਕੌਮ ਦੇ ਸੀਨੀਅਰ ਇੰਜਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਦੱਸਿਆ ਕਿ ਘਟਨਾ ’ਚ ਪਾਵਰਕੌਮ ਦੀ ਕੋਈ ਲਾਪ੍ਰਵਾਹੀ ਨਹੀਂ ਹੈ। ਹਨੇਰੀ ਤੇ ਮੀਂਹ ਕਾਰਨ 415 ਵੋਲਟੇਜ਼ ਵਾਲੀ (ਐੱਲਟੀ) ਲਾਈਨ ਦਾ ਕੰਡਕਟਰ ਟੁੱਟ ਕੇ ਡਿੱਗ ਪਿਆ ਸੀ। ਜਦਕਿ ਉਥੇ ਲੱਗਾ ਖੰਭਾ ਵੀ ਮਜ਼ਬੂਤ ਹੈ ਤੇ ਕੰਡਕਟਰ ਵੀ ਸਾਈਜ਼ ਮੁਤਾਬਕ ਮੋਟਾ ਸੀ। ਹਨੇਰੀ ਜਾਂ ਕੋਈ ਤਿੱਖੀ ਚੀਜ਼ ਵੱਜਣ ਕਾਰਨ ਇਹ ਡਿੱਗ ਸਕਦਾ ਹੈ। ਮੌਕੇ ’ਤੇ ਸਬੰਧਤ ਇਲਾਕੇ ਦਾ ਐਕਸੀਅਨ ਤੇ ਐੱਸਡੀਓ ਵੀ ਜਾ ਕੇ ਆਏ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਇਲਾਕੇ ਦੀ ਇਸ ਸਬੰਧੀ ਪਹਿਲਾਂ ਕੋਈ ਵੀ ਸ਼ਿਕਾਇਤ ਨਹੀਂ ਆਈ ਸੀ।