ਮਸ਼ਹੂਰ 'ਰਾਜਾ ਝੋਟਾ' ਹੋਇਆ 'ਚੋਰੀ'; ਮਾਲਕ ਨੇ ਕੀਤਾ 1 ਲੱਖ ਰੁਪਏ ਇਨਾਮ ਦਾ ਐਲਾਨ
100 ਤੋਂ ਵੱਧ ਮੁਕਾਬਲੇ ਜਿੱਤਣ ਵਾਲੇ ਅਜੇਤੂ ਝੋਟੇ ਦੇ ਗਾਇਬ ਹੋਣ ਨਾਲ ਪਰਿਵਾਰ ਤੇ ਪਿੰਡ ਵਿੱਚ ਉਦਾਸੀ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਲਾ ਸੰਘਿਆਂ ਦਾ ਮਾਣ ਅਤੇ ਪੇਂਡੂ ਖੇਡ ਮੇਲਿਆਂ ਦਾ ਚੈਂਪੀਅਨ ‘ਰਾਜਾ ਝੋਟਾ’ ਕਥਿਤ ਤੌਰ ਉੱਤੇ ਚੋਰੀ ਹੋ ਗਿਆ ਹੈ। ਕਰੀਬ 20 ਸਾਲਾ ਝੋਟੇ ਦੇ ਚੋਰੀ ਹੋਣ ਕਾਰਨ ਪੂਰੇ ਪਿੰਡ ਵਿੱਚ ਉਦਾਸੀ ਹੈ। ਰਵਾਇਤੀ ‘ਹਲਟ ਦੌੜ’, ‘ਨੱਤਾਂ ਦੀ ਦੌੜ’ ਅਤੇ ‘ਝੋਟਿਆਂ ਦੀ ਦੌੜ’ ਦੇ ਬਾਦਸ਼ਾਹ ਵਜੋਂ ਮਸ਼ਹੂਰ ਰਾਜੇ ਝੋਟੇ ਨੂੰ ਲੱਭਣ ਵਿੱਚ ਮਦਦ ਕਰਨ ਵਾਲੇ ਲਈ ਪਰਿਵਾਰ ਨੇ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਅਜੇਤੂ ਮੰਨੇ ਜਾਂਦੇ ਰਾਜੇ ਝੋਟੇ ਨੇ ਆਪਣੇ 19 ਸਾਲਾਂ ਦੇ ਕਰੀਅਰ ਵਿੱਚ 100 ਤੋਂ ਵੱਧ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਇੱਕ ਟਰੈਕਟਰ, ਕਾਰ, 87 ਮੋਟਰਸਾਈਕਲ ਤੇ ਨਕਦ ਇਨਾਮ ਜਿੱਤੇ।
ਰਾਜੇ ਦਾ ਮਾਲਕ, 25 ਸਾਲਾ ਜਸਕਰਨ ਸਿੰਘ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਉਸਨੇ ਦੱਸਿਆ, "ਉਹ ਝੋਟਾ ਨਹੀਂ, ਸਾਡਾ ਬੱਚਾ ਸੀ, ਸਾਡੇ ਅੱਥਰੂ ਨਹੀਂ ਰੁਕ ਰਹੇ ਅਤੇ ਰੋਟੀ ਗਲਿਓਂ ਨਹੀਂ ਲੰਘਦੀ।" ਕਰੀਬ 20 ਦਿਨ ਪਹਿਲਾਂ ਰਾਜੇ ਨੂੰ ਖੇਤ ਵਾਲੀ ਮੋਟਰ ਕੋਲ ਬੰਨ੍ਹਿਆ ਸੀ, ਪਰ ਸਵੇਰੇ ਉਹ ਉੱਥੋਂ ਗਾਇਬ ਸੀ।
ਤਾਕਤਵਰ ਸਰੀਰ ਵਾਲੇ ਰਾਜੇ ਦੀ ਖੁਰਾਕ ਵਿੱਚ ਮਖਾਣੇ, ਬਦਾਮ ਅਤੇ ਦੇਸੀ ਘਿਓ ਸ਼ਾਮਲ ਸੀ।
ਰਾਜੇ ਝੋਟੇ ਨੂੰ ਇੱਕ ਰਿਸ਼ਤੇਦਾਰ ਦੇ ਦੋ ਹੋਰ ਪਸ਼ੂਆਂ ਦੇ ਨਾਲ ਕਥਿਤ ਤੌਰ 'ਤੇ ਚੋਰੀ ਕੀਤਾ ਗਿਆ ਹੈ। ਬਾਕੀ ਦੋਵੇਂ ਪਸ਼ੂ ਮੱਝਾਂ ਸਨ। ਪੁਲੀਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖਬਰਾਂ ਮੁਤਾਬਕ ਸੀ ਸੀ ਟੀ ਵੀ ਫੁਟੇਜ ਵਿੱਚ ਇੱਕ ਚੋਰੀ ਦੀ ਬਲੈਰੋ ਕੈਂਪਰ (Bolero camper) ਇਨ੍ਹਾਂ ਤਿੰਨਾਂ ਪਸ਼ੂਆਂ ਨੂੰ ਲੈ ਜਾਂਦੀ ਦਿਖਾਈ ਦਿੱਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
ਜਸਕਰਨ ਮੁਤਾਬਕ, ਰਾਜਾ ਕਿਸੇ ਅਜਨਬੀ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ ਸੀ, ਜ਼ਰੂਰ ਕਿਸੇ ਨੇ ਉਸਨੂੰ ਧੋਖੇ ਨਾਲ ਕੁਝ ਖਵਾ ਕੇ ਚੋਰੀ ਕੀਤਾ ਹੈ।
ਜਸਕਰਨ ਅਨੁਸਾਰ, ਇਸ ਸਾਲ ਦਸੰਬਰ ਵਿੱਚ ਬਾਬਾ ਕਾਹਨ ਦਾਸ ਰੇਸ ਟੂਰਨਾਮੈਂਟ ਮੌਕੇ ਉਹ ਰਾਜੇ ਨੂੰ ਪੱਗ ਬੰਨ੍ਹ ਕੇ ਸਨਮਾਨਿਤ ਕਰਨ ਅਤੇ ਰੇਸਾਂ ਤੋਂ ਸੇਵਾ-ਮੁਕਤ ਕਰਨ ਦੀ ਯੋਜਨਾ ਬਣਾ ਰਹੇ ਸਨ, ਤਾਂ ਜੋ ਬਾਕੀ ਉਮਰ ਉਸਦੀ ਸੇਵਾ ਕੀਤੀ ਜਾ ਸਕੇ। ਰਾਜੇ ਦੀਆਂ ਜਿੱਤਾਂ ਦੀਆਂ ਵੀਡੀਓਜ਼ ਅੱਜ ਵੀ ਸੋਸ਼ਲ ਮੀਡੀਆ 'ਤੇ ਮਸ਼ਹੂਰ ਹਨ।

