ਥਾਈਲੈਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਨੌਜਵਾਨ ਦੇ ਪਰਿਵਾਰ ਨੇ MP ਸੀਚੇਵਾਲ ਤੋਂ ਮੰਗੀ ਮਦਦ
ਪਰਿਵਾਰ ਦਾ ਦਾਅਵਾ; ਕੁਲਰਾਜ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ
ਤਿੰਨ ਭਾਰਤੀਆਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣ ਦੇ ਦੋਸ਼ ਵਿੱਚ ਥਾਈਲੈਂਡ ਵਿੱਚ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੇ ਤਿੰਨ ਦਿਨਾਂ ਬਾਅਦ, ਇੱਕ ਮੁਲਜ਼ਮ ਦੇ ਪਰਿਵਾਰ ਨੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੂੰ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਹੈ।
ਕੁਲਰਾਜ ਉਨ੍ਹਾਂ ਪੰਜ ਸ਼ੱਕੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਰਾਇਲ ਥਾਈ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਲੋਹੀਆਂ ਦੇ ਪਿੰਡ ਮਾਣਕ ਦਾ ਰਹਿਣ ਵਾਲਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸ ਦਾ ਚਾਰ ਸਾਲ ਦਾ ਇੱਕ ਪੁੱਤਰ ਹੈ।
ਉਸ ਦੇ ਮਾਤਾ-ਪਿਤਾ, ਭੈਣ, ਪਤਨੀ ਅਤੇ ਪੁੱਤਰ ਨੇ ਸ਼ਨਿੱਚਰਵਾਰ ਨੂੰ ਸੰਸਦ ਮੈਂਬਰ ਸੀਚੇਵਾਲ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਵੀ ਤਿੰਨ ਭਾਰਤੀ ਨੌਜਵਾਨਾਂ ਵਾਂਗ ਪੀੜਤ ਹੈ, ਕੋਈ ਮੁਲਜ਼ਮ ਨਹੀਂ।
ਕੁਲਰਾਜ ਦੀ ਭੈਣ ਨੇ ਕਿਹਾ, "ਉਹ ਇੱਥੋਂ 29 ਜੂਨ ਨੂੰ ਰਵਾਨਾ ਹੋਇਆ ਸੀ ਅਤੇ 1 ਜੁਲਾਈ ਨੂੰ ਥਾਈਲੈਂਡ ਪਹੁੰਚਿਆ ਸੀ। ਲੋਹੀਆਂ ਦੇ ਇੱਕ ਟਰੈਵਲ ਏਜੰਟ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਨੂੰ ਆਖ਼ਰਕਾਰ ਸਪੇਨ ਲੈ ਜਾਵੇਗਾ। ਉਸ ਨੇ ਥਾਈਲੈਂਡ ਵਿੱਚ ਇੱਕ ਹੋਟਲ ਵੀ ਬੁੱਕ ਕੀਤਾ ਸੀ, ਪਰ ਉੱਥੇ ਪਹੁੰਚਣ ਦੇ ਕੁਝ ਦਿਨਾਂ ਬਾਅਦ ਹੀ, ਉਸ ਦੇ ਪਰਿਵਾਰ ਨੂੰ ਇੱਕ ਵਿਅਕਤੀ ਦੇ ਫ਼ੋਨ ਆਉਣ ਲੱਗੇ ਜਿਸ ਨੇ ਆਪਣੀ ਪਛਾਣ ਖਾਨ ਬਾਬਾ ਵਜੋਂ ਦੱਸੀ। ਉਸ ਨੇ ਸਾਡੇ ਕੋਲੋਂ 12 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਉਸ ਨੇ ਹੋਰ 15 ਲੱਖ ਰੁਪਏ ਮੰਗ ਲਏ।"
ਪੀੜਤ ਪਰਿਵਾਰ ਨੇ ਦੱਸਿਆ ਕਿ ਕਪੂਰਥਲਾ ਦੇ ਪਿੰਡ ਗਿੱਲ ਦਾ ਇੱਕ ਹੋਰ ਨੌਜਵਾਨ ਵੀ ਸੀ ਜਿਸ ਨੂੰ ਲੋਹੀਆਂ ਦੇ ਇਸੇ ਟਰੈਵਲ ਏਜੰਟ ਨੇ ਆਪਣੇ ਜਾਲ ਵਿੱਚ ਫਸਾਇਆ ਸੀ। ਉਨ੍ਹਾਂ ਕਿਹਾ, "ਕਿਉਂਕਿ ਉਸ ਦੇ ਪਰਿਵਾਰ ਨੇ ਖਾਨ ਬਾਬਾ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਸਨ, ਇਸ ਲਈ ਉਸ ਨੂੰ ਵਾਪਸ ਭੇਜ ਦਿੱਤਾ ਗਿਆ, ਜਦੋਂ ਕਿ ਕੁਲਰਾਜ ਅਜੇ ਵੀ ਫਸਿਆ ਹੋਇਆ ਹੈ।"
ਪਰਿਵਾਰ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ 6 ਜੁਲਾਈ ਨੂੰ ਕਪੂਰਥਲਾ ਦੇ ਡੀ ਐੱਸ ਪੀ ਅਤੇ ਐੱਸ ਐੱਸ ਪੀ ਨੂੰ ਮਿਲ ਚੁੱਕੇ ਹਨ ਤੇ ਟਰੈਵਲ ਏਜੰਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ।
ਕੁਲਰਾਜ ਦੀ ਭੈਣ ਨੇ ਕਿਹਾ, "ਸਾਨੂੰ 29 ਜੂਨ ਦੀ ਸ਼ਾਮ ਨੂੰ ਕੁਲਰਾਜ ਦੀ ਗ੍ਰਿਫ਼ਤਾਰੀ ਬਾਰੇ ਥਾਈ ਪੁਲੀਸ ਦਾ ਫ਼ੋਨ ਆਇਆ ਸੀ। ਅਸੀਂ ਸੋਸ਼ਲ ਮੀਡੀਆ ’ਤੇ ਉਸ ਦੀ ਵੀਡੀਓ ਵੀ ਦੇਖੀ ਸੀ। ਪਰ ਉਸ ਤੋਂ ਬਾਅਦ ਦੂਜੇ ਪਾਸਿਓਂ ਕੋਈ ਗੱਲਬਾਤ ਨਹੀਂ ਹੋਈ ਹੈ।"

