Nawanshahr ਵਿੱਚ ਮਸਲੇ ਹੱਲ ਨਾ ਹੋਣ ’ਤੇ ਬਿਜਲੀ ਮੁਲਾਜ਼ਮਾਂ ਵੱਲੋਂ ਉਪ-ਮੁੱਖ ਇੰਜੀਨੀਅਰ ਦੇ ਦਫ਼ਤਰ ਅੱਗੇ ਪ੍ਰਦਰਸ਼ਨ
22 ਜੂਨ ਤਕ ਕੰਮ ਠੱਪ ਕਰ ਕੇ ਰੈਲੀਆਂ ਕਰਨ ਦੀ ਚਿਤਾਵਨੀ
ਬਿਜਲੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਨਵਾਂਸ਼ਹਿਰ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ-ਮੁੱਖ ਇੰਜੀਨੀਅਰ ਦੇ ਦਫ਼ਤਰ ਅੱਗੇ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਦੇ ਰਵੱਈਏ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਦੀ ਪ੍ਰਧਾਨਗੀ ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਮੰਗ-ਪੱਤਰ 'ਤੇ ਵਾਰ-ਵਾਰ ਹੋਈਆਂ ਮੀਟਿੰਗਾਂ ਦੇ ਬਾਵਜੂਦ, ਮੈਨੇਜਮੈਂਟ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਸਿਰਫ਼ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ 22 ਜੂਨ ਤੱਕ ਸਰਕਲ ਪੱਧਰ 'ਤੇ ਗੇਟ ਰੈਲੀਆਂ ਅਤੇ ਐੱਸ.ਈ. ਦਫ਼ਤਰਾਂ ਅੱਗੇ ਬਾਈਕ ਰੈਲੀਆਂ ਕਰਕੇ ਮੈਮੋਰੰਡਮ ਦਿੱਤੇ ਜਾਣਗੇ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ
ਪਾਵਰਕੌਮ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਕਾਮਿਆਂ 'ਤੇ 7ਵੇਂ ਕੇਂਦਰੀ ਸਕੇਲ ਦੀ ਜਗ੍ਹਾ 6ਵੇਂ ਪੰਜਾਬ ਪੇਅ-ਕਮਿਸ਼ਨ ਦੇ ਸਕੇਲ ਲਾਗੂ ਕੀਤੇ ਜਾਣ। 16 ਅਪਰੈਲ 2010 ਤੋਂ ਪਹਿਲਾਂ ਤਰਸ ਦੇ ਆਧਾਰ 'ਤੇ ਭਰਤੀ ਹੋਏ ਕਾਮਿਆਂ ਨੂੰ ਐਸੋਸੀਏਟਿਡ ਅਤੇ ਕਮਿਊਟਿਡ ਰਕਮ ਸਮੇਤ ਵਿਆਜ ਜਮ੍ਹਾਂ ਕਰਵਾਉਣ ਦੇ ਫੈਸਲੇ ਰੱਦ ਕੀਤੇ ਜਾਣ।
ਬਿਜਲੀ ਮੁਲਾਜ਼ਮਾਂ ਨੂੰ ਸਮਾਰਟ ਮੀਟਰ ਲਗਾਉਣ ਦੇ ਦਿੱਤੇ ਜਾ ਰਹੇ ਆਦੇਸ਼ ਤੁਰੰਤ ਬੰਦ ਕੀਤੇ ਜਾਣ ਅਤੇ ਮੁਲਾਜ਼ਮਾਂ 'ਤੇ ਬਣਾਇਆ ਜਾ ਰਿਹਾ ਮਾਨਸਿਕ ਦਬਾਅ ਹਟਾਇਆ ਜਾਵੇ। ਕਾਰਪੋਰੇਸ਼ਨ ਵਿੱਚ ਕੰਮ ਕਰਦੇ ਮੀਟਰ ਰੀਡਰ, ਕੈਸ਼ੀਅਰ, ਪਾਰਟ-ਟਾਈਮ ਸਵੀਪਰ, ਚੌਕੀਦਾਰ ਅਤੇ ਦਫ਼ਤਰੀ ਕਾਮਿਆਂ ਵਿੱਚੋਂ ਠੇਕੇਦਾਰੀ ਸਿਸਟਮ ਬੰਦ ਕਰਕੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ।
ਪੁਰਾਣੀ ਪੈਨਸ਼ਨ ਸਕੀਮ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੈਨੇਜਮੈਂਟ ਨੇ ਤੀਸਰੇ ਹਫ਼ਤੇ ਤੱਕ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾ ਕੀਤਾ, ਤਾਂ ਮੁਲਾਜ਼ਮ ਹਰ ਤਰ੍ਹਾਂ ਦੀ ਐਮਰਜੈਂਸੀ ਡਿਊਟੀ ਦਾ ਬਾਈਕਾਟ ਕਰਨਗੇ। ਇਸ ਦੇ ਨਾਲ ਹੀ 24 ਜੂਨ ਨੂੰ ਬਿਜਲੀ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘੇਰਾਓ ਕਰਕੇ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇਗਾ
ਇਸ ਰੋਸ ਪ੍ਰਦਰਸ਼ਨ ਵਿੱਚ ਸਰਕਲ ਪ੍ਰਧਾਨ ਸੰਜੀਵ ਕੁਮਾਰ ਤੋਂ ਇਲਾਵਾ ਕੁਲਦੀਪ ਸਿੰਘ ਨਵਾਂਸ਼ਹਿਰ, ਕੁਲਵਿੰਦਰ ਸਿੰਘ ਅਟਵਾਲ, ਗਿਆਨ ਚੰਦ, ਸਰਦਾਰਾ ਸਿੰਘ, ਅਮਿੰਦਰ ਸਿੰਘ, ਮੱਖਣ ਰਾਮ, ਵਿਨੋਦ ਕੁਮਾਰ, ਵਿਜੇ ਕੁਮਾਰ, ਗੁਰਬਖਸ਼ ਸਿੰਘ, ਮਦਨ ਲਾਲ, ਹਰਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੇਵਾਮੁਕਤ ਅਤੇ ਮੌਜੂਦਾ ਬਿਜਲੀ ਮੁਲਾਜ਼ਮ ਹਾਜ਼ਰ ਸਨ।
ਕੈਪਸ਼ਨ : ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ ਅਤੇ ਆਗੂ
