ਜਲੰਧਰ (ਪਾਲ ਸਿੰਘ ਨੌਲੀ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਾਰ ਸਾਲਾਂ ਤੋਂ ਵੱਧ ਵਕਫ਼ੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਮੁੜ ਤਲਬ ਕੀਤਾ ਹੈ। ਊਨ੍ਹਾਂ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ 21 ਜੁਲਾਈ 2016 ਨੂੰ ਜਾਂਚ ਲਈ ਸੱਦਿਆ ਸੀ। ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਸਵਿੱਟਜ਼ਰਲੈਂਡ ਨੂੰ ਭੇਜੇ ਗਏ ਫੰਡ, ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜਨ ਆਇਲੈਂਡ ’ਚ ਪੈਸੇ ਦਾ ਕਥਿਤ ਤੌਰ ’ਤੇ ਲੈਣ-ਦੇਣ ਕਰਨ ਸਬੰਧੀ ਪੁੱਛ ਪੜਤਾਲ ਕੀਤੀ ਸੀ। ਉਦੋਂ ਰਣਇੰਦਰ ਸਿੰਘ ਕੋਲੋਂ ਚਾਰ ਘੰਟੇ ਪੁੱਛਗਿੱਛ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਵਕੀਲ ਜੈਵੀਰ ਸ਼ੇਰਗਿੱਲ ਦੀ ਹਾਜ਼ਰੀ ਵਿਚ ਬਿਆਨ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿਚ ਆਮਦਨ ਕਰ ਵਿਭਾਗ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਉਹ ਤਾਜ਼ਾ ਸੰਮਨਾਂ ਦੀ ਪੜਤਾਲ ਕਰਨਗੇ ਅਤੇ ਆਪਣਾ ਪੱਖ ਰੱਖਣਗੇ। ਇਸੇ ਦੌਰਾਨ ਕਈ ਕਾਂਗਰਸੀ ਆਗੂ ਈਡੀ ਵੱਲੋਂ ਲੰਮੇ ਸਮੇਂ ਬਾਅਦ ਮੁੱਖ ਮੰਤਰੀ ਦੇ ਪੁੱਤਰ ਨੂੰ ਦੁਬਾਰਾ ਤਲਬ ਕਰਨ ਦੇ ਮਾਮਲੇ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਕੇਂਦਰ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਛੇੜੀ ਹੋਈ ਹੈ। ਜਾਣਕਾਰੀ ਅਨੁਸਾਰ ਰਣਇੰਦਰ ਸਿੰਘ ਵੀ ਪਿਛਲੇ ਦਿਨੀਂ ਪੰਜਾਬ ਦੇ ਇੱਕ ਮੰਤਰੀ ਨਾਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਸਨ। ਜਾਣਕਾਰੀ ਅਨੁਸਾਰ ਇਸ ਮੁਲਾਕਾਤ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਸੀ ਕਿ ਰਾਜਨੀਤੀ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਰਣਇੰਦਰ ਸਿੰਘ ਨੂੰ ਵੀ ਪਾਰਟੀ ਵਿਚ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇ।