Mohali Land Scam: ਈ ਡੀ ਵੱਲੋਂ ਆਈ ਏ ਐਸ ਅਧਿਕਾਰੀ Kanwal Preet Brar ਤੋਂ ਸਾਢੇ ਅੱਠ ਘੰਟੇ ਪੁੱਛਗਿੱਛ
Kanwal Preet Brar ED: ਮਨੀ ਲਾਂਡਰਿੰਗ ਮਾਮਲੇ ਨਾਲ ਸਬੰਧੀ ਸਵਾਲ ਕੀਤੇ; ਸਨਟੈਕ ਸਿਟੀ ਪ੍ਰਾਜੈਕਟ ਲਈ ਮਨਜ਼ੂਰੀਆਂ ਦੇਣ ਨਾਲ ਸਬੰਧਤ ਹੈ ਮਾਮਲਾ
Kanwal Preet Brar ED: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਸੰਮਨਾਂ ਤੋਂ ਬਾਅਦ 2007 ਬੈਚ ਦੀ ਪੰਜਾਬ ਕੈਡਰ ਦੀ ਆਈ ਏ ਐਸ ਅਧਿਕਾਰੀ ਕੰਵਲ ਪ੍ਰੀਤ ਬਰਾੜ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਤੋਂ ਮੰਗਲਵਾਰ ਨੂੰ ਜਲੰਧਰ ਸਥਿਤ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਮਨੀ ਲਾਂਡਰਿੰਗ ਦੇ ਇੱਕ ਚੱਲ ਰਹੇ ਮਾਮਲੇ ਵਿੱਚ ਸਾਢੇ ਅੱਠ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਇਹ ਮਾਮਲਾ ਮੁਹਾਲੀ ਵਿੱਚ ਸਨਟੈਕ ਸਿਟੀ ਪ੍ਰਾਜੈਕਟ ਲਈ ਬਦਲੀਆਂ ਗਈਆਂ ਸੀ ਐਲ ਯੂ (ਲੈਂਡ ਯੂਜ਼) ਮਨਜ਼ੂਰੀਆਂ ਨਾਲ ਸਬੰਧਤ ਹੈ।
ਕੰਵਲ ਪ੍ਰੀਤ ਬਰਾੜ ਇਸ ਸਮੇਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ ਪਰ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਉਨ੍ਹਾਂ ਦੇ 2024 ਵਿੱਚ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਅਤੇ 2014-2016 ਵਿੱਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਮੁੱਖ ਪ੍ਰਸ਼ਾਸਕ ਵਜੋਂ ਰਹੇ ਕਾਰਜਕਾਲ ਨਾਲ ਸਬੰਧਤ ਹੈ। ਉਹ ਸਵੇਰੇ 10:25 ਵਜੇ ਦਫ਼ਤਰ ਪਹੁੰਚੇ ਅਤੇ ਸ਼ਾਮ 7:10 ਵਜੇ ਬਾਹਰ ਆਏ। ਉਨ੍ਹਾਂ ਨੂੰ ਆਪਣੀ ਨਿੱਜੀ ਜਾਇਦਾਦ, ਬੈਂਕ ਖਾਤੇ ਦੇ ਵੇਰਵਿਆਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਨਾਲ ਲਿਆਉਣ ਲਈ ਕਿਹਾ ਗਿਆ ਸੀ।
ਈਡੀ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਰੀਅਲ ਅਸਟੇਟ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਐਕਟ (ਰੇਰਾ) ਦੀ ਧਾਰਾ 14 ਦੀ ਪਾਲਣਾ ਕੀਤੇ ਬਿਨਾਂ ਸਨਟੈਕ ਸਿਟੀ ਦੇ ਅੰਸ਼ਕ ਰੱਦਕਰਨ ਅਤੇ ਐਲਟਸ ਵਿੱਚ ਲੇਆਊਟ ਪਲਾਨ ਵਿੱਚ ਤਬਦੀਲੀ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ (ਆਰਪੀਆਈਐਲ, ਜੋ ਹੁਣ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਹੈਂਪਟਨ ਸਕਾਈ ਰੀਐਲਟੀ ਲਿਮਟਿਡ ਵਜੋਂ ਜਾਣੀ ਜਾਂਦੀ ਹੈ) ਨੂੰ ਪਹਿਲਾਂ 50 ਫ਼ੀਸਦੀ ਉਦਯੋਗਿਕ ਪਲਾਟ ਵਿਕਸਤ ਕਰਨ ਅਤੇ ਵੇਚਣ ਦੇ ਸਮਝੌਤੇ ਦੀ ਪਾਲਣਾ ਕੀਤੇ ਬਿਨਾਂ ਪ੍ਰਵਾਨਗੀ ਦੇਣ ਬਾਰੇ ਵੀ ਪੁੱਛਗਿੱਛ ਕੀਤੀ ਗਈ।
ਕੰਵਲ ਪ੍ਰੀਤ ਬਰਾੜ ਨੇ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ: ਸੂਤਰ
ਈਡੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਕੰਵਲ ਬਰਾੜ ਨੇ ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ। ਜਾਂਚ ਏਜੰਸੀ ਵੱਲੋਂ ਹੁਣ ਤੱਕ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ਉੱਤੇ ਇਸ ਕੇਸ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਵੀ ਜਲਦੀ ਹੀ ਸੰਮਨ ਭੇਜੇ ਜਾਣ ਦੀ ਉਮੀਦ ਹੈ।
ਪੁਲੀਸ ਸ਼ਿਕਾਇਤ ਤੋਂ ਸ਼ੁਰੂ ਹੋਈ ਜਾਂਚ ਅਤੇ ਪ੍ਰਮੋਟਰ ਦੀ ਗ੍ਰਿਫ਼ਤਾਰੀ
ਈਡੀ ਦਾ ਇਹ ਕੇਸ 2020 ਵਿੱਚ ਮੁਹਾਲੀ ਦੇ ਪਲਹੇੜੀ ਪਿੰਡ ਦੇ ਇੱਕ ਜ਼ਮੀਨ ਮਾਲਕ ਕਰਮਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਪੁਲੀਸ ਸ਼ਿਕਾਇਤ ਉੱਤੇ ਆਧਾਰਿਤ ਹੈ। ਉਸ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਸਨਟੈਕ ਸਿਟੀ ਦੇ ਪ੍ਰੋਮੋਟਰਾਂ ਨੇ ਉਸ ਦੀ ਜ਼ਮੀਨ ਅਤੇ 14 ਹੋਰ ਕਿਸਾਨਾਂ ਦੀ ਜ਼ਮੀਨ ਲਈ ਜਾਅਲੀ ਸਹਿਮਤੀ ਪੱਤਰ ਤਿਆਰ ਕੀਤੇ ਸਨ। ਉਸ ਸਮੇਂ ਦੇ ਮੁਹਾਲੀ ਦੇ ਐਸਪੀ ਹਰਮਨਦੀਪ ਹੰਸ ਦੀ ਜਾਂਚ ਤੋਂ ਬਾਅਦ ਨਵੰਬਰ 2022 ਵਿੱਚ ਮੁਲਾਂਪੁਰ ਪੁਲੀਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਇਹ ਕੇਸ ਬਾਅਦ ਵਿੱਚ ਈਡੀ ਦੀ ਮਨੀ ਲਾਂਡਰਿੰਗ ਜਾਂਚ ਦਾ ਆਧਾਰ ਬਣਿਆ।
ਮੁਹਾਲੀ ਤੇ ਚੰਡੀਗੜ੍ਹ ਵਿਚ ਮਾਰੇ ਗਏ ਸਨ ਛਾਪੇ
ਮੁਹਾਲੀ ਅਤੇ ਚੰਡੀਗੜ੍ਹ ਵਿੱਚ ਬੀਤੀ 7 ਮਈ ਨੂੰ 12 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਸੀ। ਈਡੀ ਨੇ ਅਧਿਕਾਰੀਆਂ ਅਤੇ ਸਨਟੈਕ ਸਿਟੀ ਦੇ ਪ੍ਰੋਮੋਟਰ ਅਜੈ ਸਹਿਗਲ ਤੋਂ ਪੁੱਛਗਿੱਛ ਕੀਤੀ। ਈਡੀ ਦੀ ਇਸ ਕਾਰਵਾਈ ਦੌਰਾਨ ਕਾਰੋਬਾਰੀ ਨਿਤਿਨ ਗੋਇਲ ਦੇ ਘਰ ਵੀ ਛਾਪਾ ਮਾਰਿਆ ਗਿਆ ਸੀ। ਰਿਪੋਰਟਾਂ ਅਨੁਸਾਰ, ਇਸ ਕਾਰਵਾਈ ਦੌਰਾਨ 9ਵੀਂ ਮੰਜ਼ਿਲ ਤੋਂ 21 ਲੱਖ ਰੁਪਏ ਦੀ ਨਕਦੀ ਹੇਠਾਂ ਸੁੱਟੀ ਗਈ ਸੀ। ਪੁੱਛਗਿੱਛ ਤੋਂ ਬਾਅਦ ਈਡੀ ਨੇ ਅਜੈ ਸਹਿਗਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ:Mohali Land Scam Case: IAS ਅਧਿਕਾਰੀ ਕੰਵਲਪ੍ਰੀਤ ਬਰਾੜ ਜਲੰਧਰ ਈਡੀ ਦਫ਼ਤਰ ਪੁੱਜੀ
ਉਦੋਂ ਤੋਂ ਲੈ ਕੇ ਈਡੀ ਨੇ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਗਲਾਡਾ ਅਤੇ ਹਾਊਸਿੰਗ ਵਿਭਾਗ ਦੇ ਕੰਮਕਾਜ ਵਿੱਚ ਕਥਿਤ ਬੇਨੇਮੀਆਂ ਨਾਲ ਸਬੰਧਤ ਆਪਣੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ।

