ਸਤਲੁਜ ’ਚ ਸੁੱਟੀ ਲਾਹਣ ਨਾਲ ਮੱਛੀਆਂ ਦਾ ਘਾਣ

* ਪੰਜਾਬ ਪੁਲੀਸ ਦੀ ਲਾਪ੍ਰਵਾਹੀ ਕਾਰਨ ਵਾਪਰੀ ਘਟਨਾ; * ਡੀਜੀਪੀ ਵੱਲੋਂ ਜਾਂਚ ਦੇ ਹੁਕਮ

ਸਤਲੁਜ ’ਚ ਸੁੱਟੀ ਲਾਹਣ ਨਾਲ ਮੱਛੀਆਂ ਦਾ ਘਾਣ

ਲਾਹਣ ਸੁੱਟਣ ਕਾਰਨ ਮਰੀਆਂ ਮੱਛੀਆਂ।

ਪਾਲ ਸਿੰਘ ਨੌਲੀ
ਜਲੰਧਰ, 8 ਅਗਸਤ

ਪੰਜਾਬ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਫੜੀ ਲਾਹਣ ਸਤਲੁਜ ਦਰਿਆ ਵਿੱਚ ਸੁੱਟਣ ਕਾਰਨ ਵੱਡੀ ਪੱਧਰ ’ਤੇ ਮੱਛੀਆਂ ਮਰ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਜਾਤੀਆਂ ਤਾਂ ਹਾਲ ਹੀ ਵਿੱਚ ਕਰੀਬ ਤਿੰਨ ਦਹਾਕੇ ਬਾਅਦ ਸਤਲੁਜ ਵਿਚ ਪਰਤੀਆਂ ਸਨ। ਪੁਲੀਸ ਦੀ ਲਾਪ੍ਰਵਾਹੀ ਪ੍ਰਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੁੱਪ ਵੱਟੀ ਬੈਠੇ ਹਨ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਨੂੰ ਬੋਰਡ ਦੀ ਮੀਟਿੰਗ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਪੁਲੀਸ ਦੇ ਇਸ ਵਤੀਰੇ ਪ੍ਰਤੀ ਸਖ਼ਤ ਨਰਾਜ਼ ਹਨ।

ਉਧਰ ਮਰੀਆਂ ਮੱਛੀਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਨੌਜਵਾਨ ਨੂੰ ਪੁਲੀਸ ਆਪਣੇ ਢੰਗ ਤਰੀਕਿਆਂ ਨਾਲ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਸਤਲੁਜ ਦਰਿਆ ਨੇੜਲੇ ਪਿੰਡਾਂ ਵਿੱਚੋਂ 3 ਲੱਖ 58 ਹਜ਼ਾਰ ਲੀਟਰ ਤੋਂ ਵੱਧ ਲਾਹਣ ਫੜੀ ਸੀ। ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਤਲੁਜ ਦਰਿਆ ਵਿੱਚ ਲਾਹਣ ਰੋੜ੍ਹੇ ਜਾਣ ਦੀਆਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸਤਲੁਜ ’ਚ ਬੁੱਢੇ ਨਾਲੇ ਤੇ ਚਿੱਟੀ ਵੇਈਂ ਦਾ ਜ਼ਹਿਰੀਲਾ ਪਾਣੀ ਪੈਣ ਨਾਲ ਦਰਿਆ ਵਿਚਲੇ ਜਲ ਜੀਵ ਮਰ ਗਏ ਸਨ। ਮੱਛੀਆਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਸਮਾਪਤ ਹੋ ਗਈਆਂ ਸਨ। ਕਰੋਨਾ ਕਾਰਨ ਲੱਗੀ ਤਾਲਾਬੰਦੀ ਤੇ ਸਤਲੁਜ ’ਚ ਛੱਡੇ ਸਾਫ਼ ਪਾਣੀ ਨਾਲ ਇੱਕ ਵਾਰ ਫਿਰ ਤਿੰਨ ਦਹਾਕਿਆਂ ਬਾਅਦ ਜਲ ਜੀਵ ਮੁੜ ਦਰਿਆ ਵਿੱਚ ਪਰਤ ਆਏ ਸਨ ਪਰ ਇਸ ਨੂੰ ਪੁਲੀਸ ਤੇ ਸ਼ਰਾਬ ਮਾਫ਼ੀਆ ਵੱਲੋਂ ਰੋੜ੍ਹੀ ਗਈ ਲਾਹਣ ਨੇ ਇੱਕ ਵਾਰ ਫਿਰ ਤਬਾਹੀ ਦੇ ਕੰਢੇ ਲੈ ਆਂਦਾ ਹੈ। ਨਿਗਰਾਨ ਕਮੇਟੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ 1974 ਦੇ ਵਾਟਰ ਐਕਟ ਤਹਿਤ ਕਾਰਵਾਈ ਹੋਵੇ ਤੇ ਸਤਲੁਜ ’ਚ ਸਾਫ਼ ਪਾਣੀ ਛੱਡਿਆ ਜਾਵੇ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੋ ਐੱਸਡੀਓਜ਼ ਨੇ ਸਤਲੁਜ ਦੇ ਪਾਣੀ ਦੇ ਸੈਂਪਲ ਲਏ ਹਨ।

ਸਤਲੁਜ ਵਿੱਚ ਮਰੀਆਂ ਮੱਛੀਆਂ ਦੀ ਵੀਡੀਓ ਬਣਾਉਣ ਵਾਲੇ ਸੁਖਬੀਰ ਸਿੰਘ ਵਾਸੀ ਫਤਿਹਪੁਰ ਭੰਗਵਾਂ ਨੇ ਦੱਸਿਆ ਕਿ ਸਵੇਰੇ 6 ਵਜੇ ਵੱਡੀ ਗਿਣਤੀ ’ਚ ਮਰੀਆਂ ਮੱਛੀਆਂ ਰੁੜ੍ਹ ਰਹੀਆਂ ਸਨ। ਬਹੁਤ ਸਾਰੀਆਂ ਮੱਛੀਆਂ ਤਾਂ ਦਰਿਆ ਦੇ ਪਾਣੀ ਨਾਲ ਰੁੜ੍ਹ ਵੀ ਗਈਆਂ ਸਨ। ਦੁਪਹਿਰ ਬਾਅਦ ਦਰਿਆ ਵਿੱਚ ਮਰੀਆਂ ਮੱਛੀਆਂ ਦੀ ਗਿਣਤੀ ਘਟਣ ਲੱਗ ਪਈ ਸੀ।

ਦੋ-ਚਾਰ ਮੱਛੀਆਂ ਹੀ ਮਰੀਆਂ: ਐੱਸਐੱਸਪੀ

ਦਿਹਾਤੀ ਪੁਲੀਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਪੁਲੀਸ ਨੇ ਦਰਿਆ ਵਿੱਚ ਕੋਈ ਲਾਹਣ ਨਹੀਂ ਰੋੜ੍ਹੀ। ਦਰਿਆ ਵਿੱਚ ਦੋ ਚਾਰ ਹੀ ਮੱਛੀਆਂ ਮਰੀਆਂ ਸਨ। ਜਿਹੜੇ ਮੁੰਡੇ ਨੇ ਵੀਡੀਓ ਬਣਾਈ ਸੀ ਪੁਲੀਸ ਨੇ ਉਸ ਦਾ ਬਿਆਨ ਵੀ ਰਿਕਾਰਡ ਵਿੱਚ ਲੈ ਆਂਦਾ ਹੈ। ਪਾਣੀ ਦੇ ਸੈਂਪਲ ਲੈ ਲਏ ਗਏ ਹਨ, ਬਾਕੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪਾਣੀ ਵਿੱਚ ਕੀ ਘੁਲਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All