ਪਾਲ ਸਿੰਘ ਨੌਲੀ
ਜਲੰਧਰ, 28 ਜਨਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਾਂਝੀ ਪਰਵਾਜ਼ ਦਾ ਸਿਰਨਾਵਾਂ ਦੱਸਦੀ ਪੁਸਤਕ ‘ਤਪਦੀਆਂ ਰੁੱਤਾਂ ਦੇ ਸ਼ਾਇਰ’ ਲੋਕ ਅਰਪਣ ਕੀਤੀ ਗਈ। ਪੁਸਤਕ ਦੇ ਸੰਗ੍ਰਹਿਕਾਰ, ਅਨੁਵਾਦਕ, ਸੰਪਾਦਕ ਅਤੇ ਲੇਖਕ ਸਰਵਣ ਜ਼ਫ਼ਰ ਦੀ ਪੁਸਤਕ ਯਾਦਗਾਰ ਹਾਲ ’ਚ ਲੋਕ ਅਰਪਣ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਰਵਣ ਜ਼ਫ਼ਰ ਜਿਹੋ ਜਿਹੀ ਬਹੁਪੱਖੀ, ਕਲਾਵੰਤੀ, ਸੁਹਜ ਅਤੇ ਸਮਰਪਿਤ ਸ਼ਖ਼ਸੀਅਤ ਹੈ, ਉਸ ਤਰ੍ਹਾਂ ਦੀ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਗ਼ਦਰ ਲਹਿਰ ਦੀ ਵਿਰਾਸਤ ਦਾ ਸਿਰ ਉੱਚਾ ਕੀਤਾ ਹੈ। ਕਮੇਟੀ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬੀ, ਉਰਦੂ, ਹਿੰਦੀ, ਅੰਗਰੇਜ਼ੀ ਆਦਿ ਭਾਸ਼ਾਵਾਂ ਦੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੂੰ ਇੱਕੋ ਜਿਲਦ ਵਿੱਚ ਇਕੱਠਿਆਂ ਕਰਨਾ ਸਾਡੇ ਮੁਲਕ ਦੀ ਸਾਂਝੀ ਵਿਰਾਸਤ ਨੂੰ ਅੱਗੇ ਤੋਰਨ ਦਾ ਅਮੁੱਲਾ ਨਜ਼ਰਾਨਾ ਹੈ। ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਨੇ ਕਿਹਾ ਕਿ ਜਦੋਂ ਬੁੱਧੀਜੀਵੀ ਜੇਲ੍ਹੀਂ ਡੱਕ ਰੱਖੇ ਹਨ, ਜਦੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਰੋਕਾਂ ਮੜ੍ਹੀਆਂ ਜਾ ਰਹੀਆਂ ਹਨ, ਅਜਿਹੀ ਰੁੱਤੇ ਇਹ ਪੁਸਤਕ ਸਾਂਝਾਂ ਦੀ ਖੂਸ਼ਬੋ ਵੰਡਦੀ ਪੌਣ ਦਾ ਬੁੱਲਾ ਸਿੱਧ ਹੋਏਗੀ।