ਫ਼ਿਲਮ 'Alpha' ਦੀ ਪ੍ਰਮੋਸ਼ਨ ਲਈ Alia Bhatt ਨਾਲ ਨਜ਼ਰ ਆਏ ਦੇਸ਼ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ
ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਬਾਲੀਵੁੱਡ ਸਟਾਰ ਆਲੀਆ ਭੱਟ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਅਲਫ਼ਾ' (Alpha) ਦੀ ਪ੍ਰਮੋਸ਼ਨ ਲਈ ਹੱਥ ਮਿਲਾਇਆ ਹੈ। ਦੋਵਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਇੱਕ ਵੀਡੀਓ ਸਾਂਝੀ ਕੀਤੀ...
ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਬਾਲੀਵੁੱਡ ਸਟਾਰ ਆਲੀਆ ਭੱਟ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਅਲਫ਼ਾ' (Alpha) ਦੀ ਪ੍ਰਮੋਸ਼ਨ ਲਈ ਹੱਥ ਮਿਲਾਇਆ ਹੈ। ਦੋਵਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਕਲਿੱਪ ਵਿੱਚ ਗੁਰਿੰਦਰਵੀਰ ਇਹ ਸੁਨੇਹਾ ਦਿੰਦੇ ਹਨ, "ਸਬਸੇ ਆਗੇ, ਸਬਸੇ ਤੇਜ਼ ਹੋਨੇ ਕੇ ਲੀਏ ਲਗਤਾ ਹੈ ਫੋਕਸ, ਲਗਨ ਔਰ ਹਾਰਡ ਵਰਕ।" ਇਸ ਦੇ ਨਾਲ ਹੀ ਵੀਡੀਓ ਦੇ ਕੈਪਸ਼ਨ ਵਿੱਚ "ਅਲਫ਼ਾ ਮੀਟਸ ਐਨ ਅਲਫ਼ਾ" (Alpha meets an Alpha) ਦੀ ਟੈਗਲਾਈਨ ਦਿੱਤੀ ਗਈ ਹੈ।
ਗੱਲਬਾਤ ਦੇ ਦੌਰਾਨ ਆਲੀਆ ਭੱਟ ਨੇ ਗੁਰਿੰਦਰਵੀਰ ਨੂੰ ਉਨ੍ਹਾਂ ਦੇ ਖੇਡ ਸਫ਼ਰ ਅਤੇ ਸਫ਼ਲਤਾ ਦੀ ਪ੍ਰੇਰਨਾ ਬਾਰੇ ਪੁੱਛਿਆ। ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਇਸ ਤੇਜ਼ ਦੌੜਾਕ (ਸਪ੍ਰਿੰਟਰ) ਨੇ ਦੱਸਿਆ ਕਿ ਮਹਾਨ ਦੌੜਾਕ ਉਸੈਨ ਬੋਲਟ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਆਉਣ ਲਈ ਪ੍ਰੇਰਿਤ ਕਰਨ 'ਚ ਇੱਕ ਵੱਡੀ ਭੂਮਿਕਾ ਨਿਭਾਈ ਸੀ।
ਗੁਰਿੰਦਰਵੀਰ ਨੇ ਕਿਹਾ, "ਮੈਂ ਉਸੈਨ ਬੋਲਟ ਨੂੰ ਦੇਖਿਆ ਅਤੇ ਫਿਰ ਇੱਕ ਅਥਲੀਟ ਬਣਨ ਬਾਰੇ ਸੋਚਿਆ।"
ਉਨ੍ਹਾਂ ਨੇ ਆਪਣੇ ਪਿਤਾ ਦੇ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਨੂੰ ਸੱਟ ਲੱਗਣ ਕਰਕੇ ਆਪਣਾ ਵਾਲੀਬਾਲ ਕਰੀਅਰ ਛੱਡਣਾ ਪਿਆ ਸੀ। ਉਨ੍ਹਾਂ ਕਿਹਾ "ਮੇਰੇ ਪਿਤਾ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਜੇਕਰ ਉਹ ਵਾਲੀਬਾਲ ਖੇਡਣਾ ਜਾਰੀ ਰੱਖਦੇ, ਤਾਂ ਉਨ੍ਹਾਂ ਦੀ ਜ਼ਿੰਦਗੀ ਵੱਖਰੀ ਹੋਣੀ ਸੀ। ਉਸ ਗੱਲ ਨੇ ਮੈਨੂੰ ਖੇਡਾਂ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕੀਤਾ।"
ਗੁਰਿੰਦਰਵੀਰ ਨੇ ਆਪਣੇ ਪਿਤਾ ਕੋਲੋਂ ਮਿਲੇ ਦੌੜਨ ਵਾਲੇ ਜੁੱਤਿਆਂ (ਸਪਾਈਕਸ) ਦੇ ਪਹਿਲੇ ਜੋੜੇ ਨੂੰ ਬਹੁਤ ਪਿਆਰ ਨਾਲ ਯਾਦ ਕੀਤਾ, ਜੋ ਉਨ੍ਹਾਂ ਦੇ ਪਿਤਾ ਨਿਊਜ਼ੀਲੈਂਡ ਤੋਂ ਲੈ ਕੇ ਆਏ ਸਨ।
ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ, "ਮੈਂ ਉਨ੍ਹਾਂ ਨੂੰ ਫ਼ਰਸ਼ 'ਤੇ ਵੀ ਨਹੀਂ ਸੀ ਰੱਖਦਾ। ਮੈਂ ਉਨ੍ਹਾਂ ਨੂੰ ਸਿਰਫ਼ ਇੱਕ ਮੇਜ਼ ਦੇ ਉੱਪਰ ਹੀ ਰੱਖਦਾ ਹੁੰਦਾ ਸੀ।"
