Jalandhar 'ਚ ਹੋਣ ਵਾਲੀ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ CM ਮਾਨ ਨੇ ਲਿਆ ਜਾਇਜ਼ਾ
ਮਾਨ ਵੱਲੋਂ 2.14 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਦਸੰਬਰ ਮਹੀਨੇ ਜਲੰਧਰ ਦੇ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਹੋਣ ਵਾਲੀ ਸਬ-ਜੂਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਇੱਕ ਅਤਿ-ਆਧੁਨਿਕ ਇਨਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ 2.14 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਰੀਬ 44 ਸਾਲਾਂ ਬਾਅਦ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਵਾਪਸ ਆ ਰਹੀ ਹੈ। ਉਨ੍ਹਾਂ ਕਿਹਾ, "ਅੰਡਰ-13 ਕੈਟਾਗਰੀ ਦੀ ਇਹ ਚੈਂਪੀਅਨਸ਼ਿਪ ਪੰਜਾਬ ਵਿੱਚ ਬੈਡਮਿੰਟਨ ਨੂੰ ਵੱਡਾ ਹੁਲਾਰਾ ਦੇਵੇਗੀ ਅਤੇ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਹੋਰ ਮਜ਼ਬੂਤ ਕਰੇਗੀ। ਪੰਜਾਬ ਸਰਕਾਰ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।"
ਮੁੱਖ ਮੰਤਰੀ ਨੇ ਨਵੇਂ ਇਨਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਸਿੰਘ ਵਾਲੀਆ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੂੰ 2.14 ਕਰੋੜ ਰੁਪਏ ਦਾ ਚੈੱਕ ਸੌਂਪਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਲੋਕ ਨਿਰਮਾਣ ਵਿਭਾਗ (ਪੀ ਡਬਲਿਊ ਡੀ) ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹੇਗਾ ਅਤੇ ਟੈਂਡਰ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ। ਨਿਰਮਾਣ ਕਾਰਜ ਅਗਸਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਮੌਜੂਦਾ ਚਾਰ ਆਊਟਡੋਰ ਮਲਟੀਪਰਪਜ਼ ਕੋਰਟਾਂ ਨੂੰ ਕੌਮਾਂਤਰੀ ਪੱਧਰ ਦੇ ਬੁਨਿਆਦੀ ਢਾਂਚੇ ਨਾਲ ਲੈਸ ਵਿਸ਼ਵ ਪੱਧਰੀ ਇਨਡੋਰ ਬੈਡਮਿੰਟਨ ਸਹੂਲਤ ਵਿੱਚ ਤਬਦੀਲ ਕੀਤਾ ਜਾਵੇਗਾ।"
ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਹੋਣ ਤੋਂ ਬਾਅਦ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਕੁੱਲ 10 ਇਨਡੋਰ ਬੈਡਮਿੰਟਨ ਕੋਰਟ ਹੋਣਗੇ, ਜਿਸ ਨਾਲ ਇਹ ਪੰਜਾਬ ਦਾ ਇੱਕੋ-ਇੱਕ ਅਜਿਹਾ ਖੇਡ ਮੈਦਾਨ ਬਣ ਜਾਵੇਗਾ, ਜਿੱਥੇ ਇੰਨਾ ਵੱਡਾ ਇਨਡੋਰ ਬੈਡਮਿੰਟਨ ਕੰਪਲੈਕਸ ਹੋਵੇਗਾ। ਇਹ ਉੱਤਰ ਭਾਰਤ ਦੇ ਪ੍ਰਮੁੱਖ ਬੈਡਮਿੰਟਨ ਕੇਂਦਰਾਂ ਵਿੱਚੋਂ ਇੱਕ ਬਣ ਕੇ ਉਭਰੇਗਾ।

