ਫਗਵਾੜਾ ਦੀ ਝਾਪਰ ਕਲੋਨੀ ’ਚ ਘਰ ’ਤੇ ਪੈਟਰੋਲ ਨਾਲ ਭਰੀਆਂ ਬਲਦੀਆਂ ਬੋਤਲਾਂ ਸੁੱਟੀਆਂ
ਮੋਟਰਸਾਈਕਲ ’ਤੇ ਆਏ 3 ਅਣਪਛਾਤੇ ਨਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ; ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਫ਼ਗਵਾੜਾ ਦੇ ਬਸੰਤ ਨਗਰ ਇਲਾਕੇ ’ਚ ਸਥਿਤ ਝਾਪਰ ਕਲੋਨੀ ’ਚ 18 ਅਤੇ 19 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਇੱਕ ਰਿਹਾਇਸ਼ੀ ਮਕਾਨ ’ਤੇ ਪੈਟਰੋਲ ਨਾਲ ਭਰੀਆਂ ਬੋਤਲਾਂ (ਪੈਟਰੋਲ ਬੰਬ) ਸੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਤਨਾਮਪੁਰਾ ਦੇ ਘੇਰੇ ਅਧੀਨ ਆਉਂਦੇ ਇਲਾਕੇ ਵਿੱਚ ਦੇਰ ਰਾਤ ਕਰੀਬ 3 ਵਜੇ ਵਾਪਰੀ। ਮੋਟਰਸਾਈਕਲ ’ਤੇ ਆਏ ਤਿੰਨ ਮੁਲਜ਼ਮਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਘਰ ਵੱਲ ਪੈਟਰੋਲ ਨਾਲ ਭਰੀਆਂ ਬਲਦੀਆਂ ਬੋਤਲਾਂ ਸੁੱਟੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਪੀੜਤ ਘਰ ਦੇ ਰਹਿਣ ਵਾਲੇ ਰਵੀ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਪੂਰਾ ਪਰਿਵਾਰ ਘਰ ਦੇ ਅੰਦਰ ਹੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਭਾਵੇਂ ਹਮਲਾਵਰਾਂ ਨੇ ਸੜਦੀਆਂ ਬੋਤਲਾਂ ਸੁੱਟ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ।
ਰਵੀ ਕੁਮਾਰ ਨੇ ਪੁਲੀਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਘਟਨਾ ਦੇ ਕੁਝ ਹੀ ਮਿੰਟਾਂ ਬਾਅਦ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ 19 ਸਤੰਬਰ ਨੂੰ ਦਿਨ ਚੜ੍ਹਨ ਤੱਕ ਵੀ ਕੋਈ ਪੁਲੀਸ ਮੁਲਾਜ਼ਮ ਮੌਕੇ ’ਤੇ ਜਾਂਚ ਲਈ ਨਹੀਂ ਪਹੁੰਚਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਘਟਨਾ ਨੇ ਝਾਪਰ ਕਲੋਨੀ ਦੇ ਨਿਵਾਸੀਆਂ ਵਿੱਚ ਚਿੰਤਾ ਵਧਾ ਦਿੱਤੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਇਲਾਕੇ ਵਿੱਚ ਅਣਪਛਾਤੇ ਵਿਅਕਤੀਆਂ ਦੀ ਸ਼ੱਕੀ ਆਵਾਜਾਈ ਬਾਰੇ ਪੁਲੀਸ ਨੂੰ ਜਾਣੂ ਕਰਵਾਇਆ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਨਿਵਾਸੀਆਂ ਨੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਦੀ ਜਲਦ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਲਾਕੇ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।

