ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਜਲੰਧਰ ਵਿੱਚ ਹੋਟਲ ਢਾਹੁਣ ਲਈ ਸਰਕਾਰ ਦੀ ਭੂਮਿਕਾ ਦੀ ਨਿੰਦਾ
ਭਾਜਪਾ ਆਪਣੇ ਆਗੂਆਂ ਨਾਲ ਡੱਟ ਕੇ ਖੜ੍ਹੀ: ਜਾਖੜ
ਜਲੰਧਰ ਵਿੱਚ ਹੋਟਲ ਦੇ ਇੱਕ ਹਿੱਸੇ ਨੂੰ ਢਾਹੁਣ ਲਈ ਸੂਬਾ ਸਰਕਾਰ ਦੀ ਕਾਰਵਾਈ ਦੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਹੋਟਲ ਢਾਹੁਣ ਦੀ ਕਾਰਵਾਈ ਵਿੱਚ ਭਾਜਪਾ ਆਗੂਆਂ ਨੂੰ ਪੁਲੀਸ ਨੇ ਗ੍ਰਿਫਤਾਰ ਕਰਕੇ ਥਾਣੇ ਵਿੱਚ ਡੱਕੀ ਰੱਖਿਆ ਸੀ। ਭਾਜਪਾ ਦੀ ਲੀਡਰਸ਼ਿਪ ਉਹਨਾਂ ਨਾਲ ਡੱਟ ਕੇ ਖੜ੍ਹੀ ਹੈ। ਹੋਟਲ ਢਾਹੁਣ ਦੇ ਵਿਰੋਧ ਵਿੱਚ ਕਾਂਗਰਸੀ ਆਗੂਆਂ ਦੀ ਭੂਮਿਕਾ ’ਤੇ ਸਿਆਸੀ ਤੰਜ਼ ਕਸਦਿਆਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਪਹਿਲੀ ਕਤਾਰ ਦੇ ਆਗੂ ਤਾਂ ਆਪਣੇ ਆਗੂਆਂ ਨਾਲ ਖੜ੍ਹਨ ਤੋਂ ਵੀ ਅਸਮਰਥ ਹਨ।
ਉਹਨਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਸੂਬੇ ਨੂੰ ਕੁਦਰਤੀ ਆਫਤਾਂ ਆਉਣ ਮੌਕੇ ਹਰ ਸੰਭਵ ਮਦਦ ਕੀਤੀ ਹੈ। ਜਦੋਂ ਕਿ ਸੂਬਾ ਸਰਕਾਰ ਦੇ ਨੁਮਾਇੰਦੇ ਕੇਂਦਰ ਵੱਲੋਂ ਵਿੱਤੀ ਮਦਦ ਨਾ ਮਿਲਣ ਵਿਰੁੱਧ ਪ੍ਰਚਾਰ ਕਰਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਹਨਾਂ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਟਿੱਪਣੀ ਕਰਦਿਆਂ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦਾ ਪਸਾਰ ਵਧਿਆ ਹੈ ਅਤੇ ਨਸ਼ੇ ਦੀ ਖੇਪ ਨਾਲ ਫੜੇ ਗਏ ਵਿਅਕਤੀਆਂ ਨਾਲ ਨੇੜਤਾ ਜਗ ਜ਼ਾਹਰ ਹੋ ਰਹੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਰਾਕੇਸ਼ ਰਠੌਰ, ਐਨਪੀ ਸਿੰਘ ਢਿੱਲੋਂ ਮੌਜੂਦ ਸਨ।

