ਪਾਲ ਸਿੰਘ ਨੌਲੀ
ਜਲੰਧਰ,14 ਜੁਲਾਈ
ਇਥੇ ਬਿਸ਼ਪ ਹਾਊਸ ਜਲੰਧਰ ਡਾਇਸਸ ਦੇ ਬਿਸ਼ਪ ਫਰੈਂਕੋ ਮੁਲਕੱਲ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਬਿਸ਼ਪ ਹਾਊਸ ਦੇ ਪੀਆਰਓ ਫਾਦਰ ਪੀਟਰ ਨੇ ਕੀਤੀ ਹੈ। ਕੇਰਲਾ ਦੀ ਈਸਾਈ ਸਧਾਵੀ ਨਾਲ ਕਥਿਤ ਜ਼ਬਰ-ਜਨਾਹ ਦੇ ਕੇਸ ਦਾ ਸਾਹਮਣਾ ਕਰ ਰਹੇ ਬਿਸ਼ਪ ਫਰੈਂਕੋ ਮੁਲਕੱਲ ਦੀ ਸੋਮਵਾਰ ਹੀ ਕੋਟਿਆਮ ਜ਼ਿਲ੍ਹੇ ਦੀ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ ਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਕੀਤੇ ਸਨ। ਬਿਸ਼ਪ ਫਰੈਂਕੋ ਮੁਲਕੱਲ 1 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਨਹੀਂ ਸੀ ਹੋਏ ਤੇ ਉਨ੍ਹਾਂ ਨੇ ਇਹ ਸਾਬੂਤ ਪੇਸ਼ ਕੀਤਾ ਸੀ ਕਿ ਉਨ੍ਹਾਂ ਦਾ ਇਲਾਕੇ ਕੰਨਟੇਂਮੈਂਟ ਜ਼ੋਨ ਵਿੱਚ ਆਉਂਦਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਇਸ ਝੂਠ ਸਬੂਤ ਦੇ ਅਧਾਰ `ਤੇ ਉਨ੍ਹਾ ਦੀ ਜ਼ਮਨਾਤ ਰੱਦ ਕੀਤੀ ਗਈ ਸੀ ਕਿਉਂਕਿ ਬਿਸ਼ਪ ਹਾਊਸ ਵਾਲਾ ਇਲਾਕਾ ਕੰਨਟੇਂਮੈਂਟ ਜ਼ੋਨ ਵਿੱਚ ਨਹੀਂ ਸੀ ਆਉਂਦਾ। ਬੀਤੇ ਸੋਮਵਾਰ ਹੀ ਸ਼ਾਮ ਨੂੰ ਫਰੈਂਕੋ ਮੁਲਕੱਲ ਦਾ ਕਰੋਨਾ ਟੈਸਟ ਕੀਤਾ ਗਿਆ ਸੀ, ਜਿਹੜਾ ਪਾਜ਼ੇਟਿਵ ਆਇਆ, ਜਦ ਕਿ 6 ਜੁਲਾਈ ਨੂੰ ਵੀ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ ਉਦੋਂ ਨੈਗਟਿਵ ਆਇਆ ਸੀ। ਬਿਸਪ ਹਾਊਸ ਦੇ ਬੁਲਾਰੇ ਫਾਦਰ ਪੀਟਰ ਨੇ ਦੱਸਿਆ ਕਿ ਫਰੈਂਕੋ ਮੁਲਕੱਲ ਨੇ ਆਪਣੇ ਵਕੀਲ ਮਨਦੀਪ ਸਚਦੇਵਾ ਨਾਲ 29 ਤੇ 30 ਜੂਨ ਨੂੰ ਦੋ ਲੰਮੀਆਂ ਮੀਟਿੰਗਾਂ ਕੀਤੀਆਂ ਸਨ। ਵਕੀਲ ਮਨਦੀਪ ਸਿੰਘ ਸਚਦੇਵਾ ਤੇ ਉਸ ਦੇ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਹਨ। ਫਾਦਰ ਪੀਟਰ ਨੇ ਦੱਸਿਆ ਕਿ ਵਕੀਲ ਮਨਦੀਪ ਸਚਦੇਵਾ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬਿਸ਼ਪ ਫਰੈਂਕੋ 6 ਜੁਲਾਈ ਤੋਂ ਹੀ ਘਰ ਵਿੱਚ ਇਕਾਂਤਵਾਸ ਹਨ। ਕੁਝ ਲੱਛਣ ਮਹਿਸੂਸ ਕਰਨ ’ਤੇ ਫਰੈਂਕੋ ਮੁਲਕੱਲ ਦੇ ਟੈਸਟ ਕਰਵਾਏ ਗਏ ਸਨ।