ਕੇਂਦਰ ਦੀ ਜਲੰਧਰ ਤੇ ਲੁਧਿਆਣਾ ਦੇ ਖੇਡ ਸਨਅਤ ਧੁਰਿਆਂ ਲਈ ਵੱਡੀ ਸੌਗਾਤ
ਕੇਂਦਰੀ ਕੈਬਨਿਟ ਵੱਲੋਂ 1856 ਕਰੋੜ ਰੁਪਏ ਦੀ ਖੇਡ ਉਪਕਰਨ ਨਿਰਮਾਣ ਸਕੀਮ ਨੂੰ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੇ ਅੱਜ ਖੇਡ ਉਪਕਰਨ ਬਣਾਉਣ ਵਾਲੇ ਸੈਕਟਰ ਨੂੰ ਹੁਲਾਰਾ ਦੇਣ ਲਈ ਵੱਡੀ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਇਹ ਕਦਮ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਜੰਮੂ ਵਰਗੇ ਖੇਡ ਕੇਂਦਰਾਂ ਵਿੱਚ ਖੇਡ ਸਮਾਨ ਦੀ ਨਿਰਮਾਣ ਸਮਰੱਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਸਾਬਤ ਹੋ ਸਕਦਾ ਹੈ।
ਕੈਬਨਿਟ ਨੇ ਅਗਲੇ ਅੱਠ ਸਾਲਾਂ ਲਈ 1,856 ਕਰੋੜ ਰੁਪਏ ਦੇ ਬਜਟ ਨਾਲ ਇਸ ਵਿਆਪਕ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਸਕੀਮ ਤਹਿਤ 300-300 ਏਕੜ ਰਕਬੇ ਵਿੱਚ ਚਾਰ ਏਕੀਕ੍ਰਿਤ ਖੇਡ ਉਪਕਰਨ ਨਿਰਮਾਣ ਜ਼ੋਨ (ਇੰਟੀਗ੍ਰੇਟਿਡ ਸਪੋਰਟਸ ਗੁੱਡਜ਼ ਮੈਨੂਫੈਕਚਰਿੰਗ ਜ਼ੋਨ) ਸਥਾਪਤ ਕੀਤੇ ਜਾਣਗੇ। ਨਾਲ ਹੀ, 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਵਾਲੇ ਐਂਕਰ ਨਿਵੇਸ਼ਕਾਂ ਨੂੰ 20 ਫ਼ੀਸਦੀ ਪੂੰਜੀਗਤ ਖ਼ਰਚ (ਕੈਪੈਕਸ) ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ, 10 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਨਿਵੇਸ਼ ਕਰਨ ਵਾਲੇ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਟਰਨਓਵਰ 'ਤੇ 15 ਫ਼ੀਸਦੀ ਤੱਕ ਦਾ ਪ੍ਰੋਤਸਾਹਨ (ਟਰਨਓਵਰ ਲਿੰਕਡ ਇੰਸੈਂਟਿਵ) ਦਿੱਤਾ ਜਾਵੇਗਾ।
ਖੇਡ ਉਦਯੋਗ ਵਿੱਚ ਗੁਣਵੱਤਾ ਅਤੇ ਖੋਜ ਨੂੰ ਹੁਲਾਰਾ ਦੇਣ ਲਈ ਇਹ ਸਕੀਮ ਪਹਿਲੀ ਵਾਰ ਪ੍ਰਮਾਣੀਕਰਨ (ਸਰਟੀਫਿਕੇਸ਼ਨ) ਲੈਣ ਦੀ ਲਾਗਤ ਦਾ 70 ਫ਼ੀਸਦੀ ਅਤੇ ਰੀਨਿਊ ਕਰਵਾਉਣ 'ਤੇ 50 ਫ਼ੀਸਦੀ ਖ਼ਰਚ ਚੁੱਕੇਗੀ। ਨਾਲ ਹੀ, ਖੇਡਾਂ ਦੇ ਖੇਤਰ ਵਿੱਚ 'ਸੈਂਟਰਜ਼ ਆਫ਼ ਐਕਸੀਲੈਂਸ' (ਉੱਤਮਤਾ ਕੇਂਦਰ) ਸਥਾਪਤ ਕਰਨ ਲਈ ਵੀ ਸਹਿਯੋਗ ਦਿੱਤਾ ਜਾਵੇਗਾ।
ਮੌਜੂਦਾ ਸਮੇਂ ਭਾਰਤ ਵਿੱਚ ਖੇਡ ਉਪਕਰਨਾਂ ਦੇ ਨਿਰਮਾਣ ਦੀ ਅਗਵਾਈ ਕਰ ਰਹੇ ਐੱਮ ਐੱਸ ਐੱਮਈ (ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ) ਸੈਕਟਰ ਨੂੰ ਇਸ ਸਕੀਮ ਨਾਲ ਵੱਡਾ ਹੁਲਾਰਾ ਮਿਲ ਸਕਦਾ ਹੈ।

