ਪਾਲ ਸਿੰਘ ਨੌਲੀ
ਜਲੰਧਰ, 30 ਨਵੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਘੁਟਾਲੇ ਵਿੱਚ ਇੱਥੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਏਜੰਟ ਵਰਿੰਦਰ ਸਿੰਘ ਦੀਪੂ, ਵਾਸੀ ਬਸਤੀ ਗੁਜਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਦਾ ਮੋਬਾਈਲ ਫੋਨ ਤੇ ਸਿਮ ਕਾਰਡ ਵੀ ਜ਼ਬਤ ਕਰ ਲਏ ਗਏ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਐੱਮਵੀਆਈ, ਜਲੰਧਰ ਦੇ ਦਫ਼ਤਰ ‘ਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਵੱਡੇ ਪੱਧਰ ‘ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈੱਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ 23 ਅਗਸਤ 2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਨੌਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜੋ ਇਸ ਵੇਲੇ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਮੁਲਜ਼ਮਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ ਤੇ ਅਰਵਿੰਦ ਕੁਮਾਰ ਉਰਫ਼ ਬਿੰਦੂ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।