ਨੌਜਵਾਨਾਂ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਦੇਸ਼ ਭਗਤ ਯਾਦਗਾਰ ਹਾਲ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਅਤੇ ਮਾਰਚ

ਨੌਜਵਾਨਾਂ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਜਲੰਧਰ ਵਿਚ ਮਾਰਚ ਕੱਢਦੇ ਹੋਏ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕਾਰਕੁਨ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 28 ਸਤੰਬਰ

ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਹਾੜੇ ਮੌਕੇ ਨੌਜਵਾਨਾਂ ਨੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਨੂੰ ਮੁੱਢ ਤੋਂ ਰੱਦ ਕਰਦਿਆਂ ਇਨ੍ਹਾਂ ਨੂੰ ਵਾਪਸ ਲੈਣ ਤੱਕ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਮਨਾਏ ਗਏ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 6 ਮਤੇ ਪਾਸ ਕਰਕੇ 2014 ਤੋਂ ਤੇਜ਼ੀ ਨਾਲ ਪਨਪ ਰਹੇ ਫਾਸ਼ੀਵਾਦ ਦੇ ਰੁਝਾਨ ਨੂੰ ਠੱਲ੍ਹ ਪਾਉਣ ਦਾ ਅਹਿਦ ਲਿਆ ਗਿਆ।

ਇਸ ਦੌਰਾਨ ਬੇਰੁਜ਼ਗਾਰੀ ਦੇ ਮੁਕੰਮਲ ਖਾਤਮੇ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ’ ਲਿਆਉਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਲਾਹੇਵੰਦ ਸਹਿਯੋਗੀ ਖੇਤੀ ਨੀਤੀ ਲਈ ਮਤੇ ਪਾਸ ਕੀਤੇ ਗਏ। ਵਾਲੰਟੀਅਰ ਸੰਮੇਲਨ ਮਗਰੋਂ ਸ਼ਹਿਰ ਵਿੱਚ ਮਾਰਚ ਕਰਕੇ ਆਮ ਲੋਕਾਂ ਨੂੰ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਵਾਲੰਟੀਅਰ ਸੰਮੇਲਨ ਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ ਅਤੇ ਸੂਬਾ ਸਕੱਤਰ ਵਰਿੰਦਰ ਖੁਰਾਣਾ ਨੇ ਕੀਤੀ। ਕਾਮਰੇਡ ਜਗਰੂਪ ਤੇ ਐਡਵੋਕੇਟ ਰਾਜਿੰਦਰ ਮੰਡ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਪਹਿਰਾ ਦਿੰਦਿਆਂ ਨੌਜਵਾਨ ਵਰਗ ਹੀ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਉਣ ਵਾਲੀ ਕਿਸਾਨੀ ਨੂੰ ਬਚਾਉਣ ਦੀ ਸਮਰੱਥਾ ਰੱਖਦਾ ਹੈ।

ਇਸ ਦੌਰਾਨ ਏਆਈਐੱਸਐੱਫ ਦੇ ਜਨਰਲ ਸਕੱਤਰ ਵਿੱਕੀ ਮਹੇਸ਼ਰੀ, ਗਰਲਜ਼ ਕਮੇਟੀ ਦੀ ਕਨਵੀਨਰ ਕਰਮਵੀਰ ਬੱਧਨੀ, ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ, ਸੂਬਾ ਸਕੱਤਰ ਵਰਿੰਦਰ ਖੁਰਾਣਾ, ਪਿਰਥੀਪਾਲ ਮਾੜੀਮੇਘਾ, ਪਰਮਜੀਤ ਸਿੰਘ ਢਾਬਾਂ, ਸੂਬਾ ਮੀਤ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ, ਸਾਬਕਾ ਆਗੂ ਕਸ਼ਮੀਰ ਗਦਾਈਆ ਅਤੇ ਕੁਲਦੀਪ ਭੋਲਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਇਪਟਾ ਮੋਗਾ ਦੇ ਕਲਾਕਾਰਾਂ ਅਤੇ ਹੋਰਨਾਂ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੇ ਜੀਵਨ ਫਲਸਫੇ ਨੂੰ ਪੇਸ਼ ਕਰਦੇ ਇਨਕਲਾਬੀ ਗੀਤ, ਕਵਿਤਾਵਾਂ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲੇ ਅਤੇ ਇਨਕਲਾਬੀ ਰੰਗ ਵਿੱਚ ਰੰਗਿਆ ਗਿਆ।

ਗ਼ਦਰੀ ਬਾਬਿਆਂ ਦੀ ਵਿਰਾਸਤ ਦਾ ਸੁਨੇਹਾ ਕੀਤਾ ਸਾਂਝਾ

ਸੰਮੇਲਨ ’ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਾਥੀ ਗੁਰਮੀਤ ਨੇ ਗ਼ਦਰੀ ਬਾਬਿਆਂ ਦੀ ਵਿਰਾਸਤ ਦਾ ਸੁਨੇਹਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਨਵੰਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ’ਚ ਨੌਜਵਾਨ ਪੀੜ੍ਹੀ ਸ਼ਮੂਲੀਅਤ ਵੀ ਕਰੇ ਤੇ ਵਾਲੰਟੀਅਰ ਦੀਆਂ ਸੇਵਾਵਾਂ ਵੀ ਨਿਭਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All