Amit Shah ਨੇ ਭਾਜਪਾ ਮੀਤ ਪ੍ਰਧਾਨ ਦੇ ਘਰ ਕੀਤਾ ਭੋਜਨ; ਰਾਠੌਰ ਦੇ ਜਲੰਧਰ ਸੈਂਟਰਲ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੂੰ ਮਿਲਿਆ ਜ਼ੋਰ
ਰੈਲੀ ਵਾਲੀ ਥਾਂ ਦੇ ਨੇੜੇ ਪਰਾਗਪੁਰ ਸਥਿਤ ਰਿਹਾਇਸ਼ 'ਤੇ ਕਰੀਬ 40 ਮਿੰਟ ਰੁਕੇ ਸ਼ਾਹ
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਪਾਰਟੀ ਦੀ ਨਸ਼ਾ ਵਿਰੋਧੀ ਰੈਲੀ ਵਾਲੀ ਥਾਂ ਦੇ ਬਿਲਕੁਲ ਨੇੜੇ, ਪਿੰਡ ਪਰਾਗਪੁਰ ਸਥਿਤ ਆਪਣੀ ਰਿਹਾਇਸ਼ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ।
ਜਲੰਧਰ ਦੇ ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਹੈਲੀਕਾਪਟਰ ਰਾਹੀਂ ਪਹੁੰਚਣ ਅਤੇ ਮੱਥਾ ਟੇਕਣ ਲਈ ਕਰੀਬ 12-15 ਮਿੰਟ ਬਿਤਾਉਣ ਮਗਰੋਂ, ਸ਼ਾਹ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਜਲੰਧਰ-ਫਗਵਾੜਾ ਰੋਡ 'ਤੇ ਸਥਿਤ ਰੈਲੀ ਵਾਲੀ ਥਾਂ 'ਤੇ ਪਹੁੰਚਣ ਲਈ ਮੁੜ ਹੈਲੀਕਾਪਟਰ ਵਰਤਿਆ।
ਰੈਲੀ ਵਿੱਚ ਜਾਣ ਤੋਂ ਪਹਿਲਾਂ, ਸ਼ਾਹ ਦੁਪਹਿਰ ਦੇ ਖਾਣੇ ਲਈ ਰਾਠੌਰ ਦੀ ਰਿਹਾਇਸ਼ 'ਤੇ ਗਏ, ਜੋ ਰੈਲੀ ਵਾਲੀ ਥਾਂ ਤੋਂ ਅੱਧਾ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸੀ। ਉਨ੍ਹਾਂ ਨੇ ਪਾਰਟੀ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕਰਦਿਆਂ ਕਰੀਬ 40 ਮਿੰਟ ਬਿਤਾਏ। ਹੋਟਲ ਕਾਰੋਬਾਰੀ ਗੌਤਮ ਕਪੂਰ ਅਤੇ ਉਨ੍ਹਾਂ ਦੇ ਜਵਾਈ ਪੰਕਜ ਸਰਦਾਨਾ ਵੀ ਇਸ ਦੁਪਹਿਰ ਦੇ ਖਾਣੇ ਵਿੱਚ ਇਨ੍ਹਾਂ ਤਿੰਨਾਂ ਦੇ ਨਾਲ ਸ਼ਾਮਲ ਹੋਏ।
ਰਾਠੌਰ ਨੇ ਕਿਹਾ, "ਅਮਿਤ ਸ਼ਾਹ ਜੀ ਦਾ ਸਾਡੇ ਘਰ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਤੈਅ ਕੀਤਾ ਗਿਆ ਪ੍ਰੋਗਰਾਮ ਸੀ ਜਿਸ ਬਾਰੇ ਉਨ੍ਹਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ।"
ਦੁਪਹਿਰ ਦੇ ਖਾਣੇ ਦੌਰਾਨ ਹੋਈ ਇਸ ਮੁਲਾਕਾਤ ਨੇ ਇਨ੍ਹਾਂ ਚਰਚਾਵਾਂ ਨੂੰ ਹਵਾ ਦਿੱਤੀ ਹੈ ਕਿ ਰਾਠੌਰ ਨੂੰ ਜਲੰਧਰ ਸੈਂਟਰਲ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਉਤਾਰਿਆ ਜਾ ਸਕਦਾ ਹੈ ਕਿਉਂਕਿ ਪਰਾਗਪੁਰ ਵਿੱਚ ਉਨ੍ਹਾਂ ਦਾ ਨਵਾਂ ਘਰ ਵੀ ਇਸੇ ਹਲਕੇ ਵਿੱਚ ਆਉਂਦਾ ਹੈ। ਉਹ ਪਹਿਲਾਂ ਦੀਨ ਦਿਆਲ ਉਪਾਧਿਆਏ ਨਗਰ ਵਿੱਚ ਰਹਿੰਦੇ ਸਨ, ਜੋ ਜਲੰਧਰ ਨਾਰਥ (ਉੱਤਰੀ) ਵਿੱਚ ਪੈਂਦਾ ਹੈ। ਰਾਠੌਰ, ਜੋ ਜ਼ਿਆਦਾਤਰ ਜਥੇਬੰਦਕ ਸਰਗਰਮੀਆਂ ਵਿੱਚ ਰੁੱਝੇ ਰਹੇ ਹਨ, ਨੇ ਕਿਹਾ, "ਜੇਕਰ ਮੌਕਾ ਮਿਲਿਆ ਤਾਂ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਇੱਛੁਕ ਹਾਂ।"
ਸਾਬਕਾ ਮੰਤਰੀ ਮਨੋਰੰਜਨ ਕਾਲੀਆ 1992 ਤੋਂ ਇਸ ਸੀਟ ਤੋਂ ਪਾਰਟੀ ਲਈ ਚੋਣ ਲੜਦੇ ਆ ਰਹੇ ਹਨ। ਉਹ 1997, 2007 ਅਤੇ 2012 ਵਿੱਚ ਤਿੰਨ ਵਾਰ ਜਿੱਤੇ ਹਨ।

