ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਅਕਤੂਬਰ
ਪੰਜਾਬ ਕਾਂਗਰਸ ਸਮੁੱਚੇ ਸੂਬੇ ਵਿਚ ਵਿਧਾਨ ਸਭਾ ’ਚ ਪਾਸ ਕੀਤੇ ਗਏ ਬਿੱਲਾਂ ਦਾ ਜਸ਼ਨ ਮਨਾ ਰਹੀ ਹੈ। ਖੁਸ਼ੀ ਵਿਚ ਲੱਡੂ ਵੰਡਣ ਵਾਲੇ ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਇਹ ਲੜਾਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਹੈ। ਇਕੱਲਾ ਖੇਤੀ ਨਾਲ ਸਬੰਧਤ ਬਿੱਲਾਂ ਦਾ ਮਸਲਾ ਨਹੀਂ ਹੈ ਸਗੋਂ ਦੇਸ਼ ਵਿਚ ਸੰਘੀ ਢਾਂਚੇ ਤੇ ਸੰਵਿਧਾਨ ਬਚਾਉਣ ਦੀ ਲੜਾਈ ਲੜਨ ਲਈ ਪੰਜਾਬ ਨੇ ਜਿਹੜੀ ਪਹਿਲਕਦਮੀ ਕੀਤੀ ਹੈ ਉਸ ਵੱਲ ਸਾਰਾ ਦੇਸ਼ ਦੇਖ ਰਿਹਾ ਹੈ। ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਖੇਤੀ ਬਿੱਲਾਂ ਨੂੰ ਪਾਸ ਕਰਨਾ ਇਕ ਇਤਿਹਾਸਕ ਕਦਮ ਹੈ ਅਤੇ ਇਸ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਕਿਸਾਨਾਂ ਨੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਊਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।
ਕਿਸਾਨਾਂ ਨੇ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਮਠਿਆਈਆਂ ਵੰਡੀਆਂ ਅਤੇ ‘ਕੈਪਟਨ ਅਮਰਿੰਦਰ ਸਿੰਘ ਜ਼ਿੰਦਾਬਾਦ’ ਅਤੇ ‘ਕਾਂਗਰਸ ਪਾਰਟੀ ਜ਼ਿੰਦਾਬਾਦ’ ਦੇ ਨਾਅਰੇ ਲਾਏ।