ਪਾਲ ਸਿੰਘ ਨੌਲੀ
ਜਲੰਧਰ, 25 ਜਨਵਰੀ
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਤੋਂ ਸਿੱਖੀ ਨਾਲ ਸਬੰਧਤ ਮੁੱਦਿਆਂ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ।
ਇਸ ਮੌਕੇ ਸ੍ਰੀ ਚੱਢਾ ਨੇ ਕਿਹਾ ਕਿ ਪਾਰਟੀ ਸ਼ੁਰੂ ਤੋਂ ਹੀ ਸਿੱਖ ਧਰਮ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਂਦੀ ਰਹੀ ਹੈ ਅਤੇ ਉਹ ਮੀਟਿੰਗ ਵਿੱਚ ਸ਼ਾਮਲ ਜਥੇਬੰਦੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜੋ ਵੀ ਹੋ ਸਕਿਆ, ਉਹ ਵਧ-ਚੜ੍ਹ ਕੇ ਕਰਨਗੇ। ਮੀਟਿੰਗ ਵਿੱਚ ਸਿੱਖ ਤਾਲਮੇਲ ਕਮੇਟੀ, ਭਾਈ ਘਨ੍ਹੱਈਆ ਸੇਵਕ ਦਲ, ਗੁਰਦੁਆਰਾ ਦੂਖ ਨਿਵਾਰਨ ਗੁਰੂ ਤੇਗ ਬਹਾਦਰ ਨਗਰ, ਦੁਸ਼ਟ ਦਮਨ ਦਲ ਖ਼ਾਲਸਾ ਪੰਜਾਬ, ਗੱਤਕਾ ਐਸੋਸੀਏਸ਼ਨ ਗੁਰਦੁਆਰਾ ਗੁਰਦੇਵ ਨਗਰ ਅਤੇ ਦਸਮੇਸ਼ ਫੁਲਵਾੜੀ ਸ਼ਾਨ-ਏ-ਖ਼ਾਲਸਾ ਦੇ ਪ੍ਰਤੀਨਿਧੀ ਸ਼ਾਮਲ ਹੋਏ। ਇਸ ਮੀਟਿੰਗ ਦਾ ਪ੍ਰਬੰਧ ਖੁਖਰੈਣ ਬਰਾਦਰੀ ਦੇ ਪ੍ਰਧਾਨ ਹਰਪਾਲ ਸਿੰਘ ਚੱਢਾ ਵੱਲੋਂ ਕੀਤਾ ਗਿਆ।