ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਦਸੰਬਰ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਲਾਲ ਹੁਸੈਨ ਨੇ ਅੱਜ ਪਿੰਡ ਰੰਧਾਵਾ ਮਸੰਦਾ ਅਤੇ ਬੱਖੂ ਨੰਗਲ ਵਿੱਚ ਬੇਆਬਾਦ ਮਸਜਿਦਾਂ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਥਾਵਾਂ ਦੀ ਦਿੱਖ ਨੂੰ ਸੁਧਾਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਪਿੰਡ ਰਸੂਲਪੁਰ ਵਰਿਆਣਾ (ਫਰੀਦਪੁਰ) ਅਤੇ ਬੱਖੂ ਨੰਗਲ ਵਿੱਚ ਸਥਿਤ ਕਬਰਿਸਤਾਨ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੂੰ ਕਬਰਿਸਤਾਨ ਵਿੱਚ ਚਾਰਦੀਵਾਰੀ ਸਣੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਕਮਿਸ਼ਨ ਦੇ ਮੈਂਬਰ ਨੇ ਮੁਸਲਮਾਨ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਬਰਿਸਤਾਨਾਂ ਵਾਲੀਆਂ ਥਾਵਾਂ ‘ਤੇ ਬੁਨਿਆਦੀ ਸਹੂਲਤਾਂ ਮੌਜੂਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਆਪਣੀਆਂ ਰਸਮਾਂ ਪੂਰੀਆਂ ਕਰਨ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੇਅਬਾਦ ਪੁਰਾਣੀਆਂ ਮਸਜਿਦਾਂ ਦੀ ਦਿੱਖ ਨੂੰ ਸੁਧਾਰਨ ਲਈ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਜ਼ਿਲ੍ਹੇ ਵਿੱਚ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਭਾਈਚਾਰਿਆਂ ਨੂੰ ਲੋੜੀਂਦੇ ਕਬਰਿਸਤਾਨ ਲਈ ਢੁੱਕਵੀਂ ਜ਼ਮੀਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਲਖਵਿੰਦਰ ਸਿੰਘ, ਮਾਇਨੋਰਟੀਜ਼ ਪੀਪਲਜ਼ ਵੈੱਲਫੇਅਰ ਯੁਵਾ ਦਲ ਦੇ ਪੰਜਾਬ ਪ੍ਰਧਾਨ ਦਲਮੀਰ ਹੁਸੈਨ, ਮੁਹੱਬਤ ਮੇਹਰਬਾਨ, ਵਿਰਸਾ ਸਿੰਘ ਹੰਸ, ਫਰਮਾਨ ਧਾਰੀਵਾਲ ਆਦਿ ਮੌਜੂਦ ਸਨ।