ਸ਼ਰਾਬੀ ਪੁਲੀਸ ਮੁਲਾਜ਼ਮ ਨੇ ਸਾਥੀ ਨੂੰ ਕੁੱਟਿਆ : The Tribune India

ਸ਼ਰਾਬੀ ਪੁਲੀਸ ਮੁਲਾਜ਼ਮ ਨੇ ਸਾਥੀ ਨੂੰ ਕੁੱਟਿਆ

ਸ਼ਰਾਬੀ ਪੁਲੀਸ ਮੁਲਾਜ਼ਮ ਨੇ ਸਾਥੀ ਨੂੰ ਕੁੱਟਿਆ

ਆਪਣੇ ਸਾਥੀ ਨੂੰ ਡੰਡੇ ਮਾਰਦਾ ਹੋਇਆ ਪੁਲੀਸ ਮੁਲਾਜ਼ਮ। -ਫੋਟੋ: ਮਲਕੀਅਤ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 7 ਦਸੰਬਰ

ਇੱਥੇ ਨਸ਼ੇ ਵਿੱਚ ਧੁੱਤ ਪੁਲੀਸ ਮੁਲਾਜ਼ਮ ਨੇ ਆਪਣੇ ਹੀ ਸਾਥੀ ਪੁਲੀਸ ਵਾਲੇ ਦੀ ਕੁੱਟਮਾਰ ਕਰ ਦਿੱਤੀ। ਏਐਸਆਈ ਤਰਲੋਚਨ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁਲੀਸ ਮੁਲਾਜ਼ਮ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਪੈਟਰੋਲ ਪੰਪ ’ਤੇ ਗੱਡੀ ਵਿੱਚ ਹਵਾ ਭਰਾਉਣ ਗਿਆ ਸੀ ਪਰ ਉੱਥੇ ਪੰਪ ਦੇ ਮੁਲਾਜ਼ਮ ਨੇ ਉਸ ਨੂੰ ਦੱਸਿਆ ਕਿ ਹਵਾ ਨਹੀਂ ਹੈ। ਇਸ ’ਤੇ ਪੁਲੀਸ ਮੁਲਾਜ਼ਮ ਆਪੇ ਤੋਂ ਬਾਹਰ ਹੋ ਗਿਆ ਅਤੇ ਖਿਝ ਗਿਆ। ਇਸ ਮਗਰੋਂ ਉਸ ਨੇ ਪੰਪ ਵਾਲਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਪੈਟਰੋਲ ਪੰਪ ’ਤੇ ਤਾਇਨਾਤ ਮੁਲਾਜ਼ਮਾਂ ਨੇ ਨਸ਼ੇ ਵਿੱਚ ਧੁੱਤ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ ਕੰਟਰੋਲ ਰੂਮ ਨੂੰ ਕੀਤੀ। ਸ਼ਿਕਾਇਤ ਮਿਲਦੇ ਸਾਰ ਹੀ ਪੀਸੀਆਰ-4 ਟੀਮ ਉੱਥੇ ਪਹੁੰਚ ਗਈ। ਸ਼ਰਾਬੀ ਪੁਲੀਸ ਮੁਲਾਜ਼ਮ ਵੀ ਉਨ੍ਹਾਂ ਨਾਲ ਉਲਝ ਪਿਆ। ਉਸ ਨੇ ਆਪਣੇ ਜੂਨੀਅਨ ਪੁਲੀਸ ਜਵਾਨ ਦੀਆਂ ਲੱਤਾਂ ’ਤੇ ਡੰਡੇ ਮਾਰੇ।

ਏਐਸਆਈ ਤਰਲੋਚਨ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਪੁਲੀਸ ਥਾਣਾ ਡਿਵੀਜ਼ਨ ਨੰਬਰ-4 ਦੇ ਜਵਾਨ ਨੇ ਸ਼ਰਾਬ ਪੀਕੇ ਉਨ੍ਹਾਂ ਨੂੰ ਸਟਾਰ ਅਤੇ ਵਰਦੀ ਉਤਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਅਫ਼ਸਰਾਂ ਨੂੰ ਸਿਰਫ਼ ਇਹ ਦੱਸਿਆ ਕਿ ਉਹ ਉਨ੍ਹਾਂ ਨਾਲ ਦੁਰਵਿਵਹਾਰ ਕਰ ਰਿਹਾ ਹੈ। ਉਧਰ, ਸ਼ਰਾਬੀ ਪੁਲੀਸ ਮੁਲਾਜ਼ਮ ਨੇ ਆਪਣੇ ਆਪ ਨੂੰ ਬਚਾਉਣ ਲਈ ਥਾਣੇ ਵਿੱਚ ਦੂਜੇ ਮੁਲਾਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All