‘ਆਪ’ ਨਵੇਂ ਨਾਅਰੇ ਨਾਲ ਚੋਣ ਮੈਦਾਨ ’ਚ ਉੱਤਰੀ

ਨਵਾਂ ਨਾਅਰਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’; ‘ਇਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਦੀ ਹੋ ਰਹੀ ਸੀ ਆਲੋਚਨਾ

‘ਆਪ’ ਨਵੇਂ ਨਾਅਰੇ ਨਾਲ ਚੋਣ ਮੈਦਾਨ ’ਚ ਉੱਤਰੀ

ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋੲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ

ਜਲੰਧਰ, 24 ਜਨਵਰੀ

ਆਮ ਆਦਮੀ ਪਾਰਟੀ ਨੇ ‘ਇਕ ਮੌਕਾ ਕੇਜਰੀਵਾਲ ਨੂੰ’ ਦਿੱਤਾ ਨਾਅਰਾ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਨਵਾਂ ਨਾਅਰਾ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’ ਦਿੱਤਾ ਹੈ। ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਭਗਵੰਤ ਮਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਸ਼ੁਰੂ ਕਰਦਿਆਂ ਆਪਣੇ ਪਿੱਛੇ ਲੱਗੇ ਨਾਅਰੇ ਦੇ ਬੋਰਡ ਵੱਲ ਇਸ਼ਾਰਾ ਕੀਤਾ ਕਿ ‘ਹੁਣ ਨਹੀਂ ਖਾਵਾਂਗੇ ਧੋਖਾ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵਾਂਗੇ ਮੌਕਾ’।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਇਕ ਮੌਕਾ ਕੇਜਰੀਵਾਲ ਨੂੰ’ ਦੇ ਨਾਅਰੇ ਦੀ ਆਲੋਚਨਾ ਕਰਦੇ ਆ ਰਹੇ ਸਨ। ਭਗਵੰਤ ਮਾਨ ਨੇ ਪਾਰਟੀ ਦੇ ਇਸ ਨਵੇਂ ਨਾਅਰੇ ਨੂੰ ਰਸਮੀ ਤੌਰ ’ਤੇ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ, ਇਸ ਲਈ ਲੋਕ ਕਾਂਗਰਸ ਤੋਂ ਧੋਖਾ ਖਾ ਕੇ ਅਕਾਲੀਆਂ ਨੂੰ ਵੋਟ ਦੇ ਦਿੰਦੇ ਸਨ ਅਤੇ ਅਕਾਲੀਆਂ ਤੋਂ ਧੋਖਾ ਖਾ ਕੇ ਕਾਂਗਰਸ ਨੂੰ ਵੋਟਾਂ ਪਾਉਂਦੇ ਸਨ। ਇਸ ਵਾਰ ਪੰਜਾਬ ਦੇ ਲੋਕ ਧੋਖਾ ਨਹੀਂ ਖਾਣਗੇ। ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਵਧੀਆ ਬਦਲ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪਿਆਰ ਅਤੇ ਪਾਰਟੀ ਦੇ ਭਰੋਸੇ ਦੀ ਬਦੌਲਤ ਹੀ ਉਹ ਸਾਧਾਰਨ ਪਰਿਵਾਰ ਅਤੇ ਛੋਟੇ ਜਿਹੇ ਪਿੰਡ ’ਚੋਂ ਨਿਕਲ ਕੇ ਅੱਜ ਇੱਥੇ ਪੁੱਜ ਸਕੇ ਹਨ। ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਵਧਣ ਨਾਲ ਉਨ੍ਹਾਂ ਦਾ ਹੌਸਲਾ ਵੀ ਵਧਿਆ ਹੈ ਤੇ ਹੁਣ ਉਹ ਦੋਹਰੇ ਜੋਸ਼ ਨਾਲ ਦਿਨ-ਰਾਤ ਕੰਮ ਕਰ ਰਹੇ ਹਨ।

ਕਾਂਗਰਸ ’ਤੇ ਸਿਆਸੀ ਹੱਲਾ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦਾ ਵੀ ਡਬਲ ਇੰਜਣ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਈ ਇੰਜਣ ਹਨ, ਜਿਹੜੇ ਆਪਸ ਵਿੱਚ ਹੀ ਟੱਕਰਾਂ ਮਾਰ ਰਹੇ ਹਨ। ਕਾਂਗਰਸ ਦੇ ਸਾਰੇ ਵੱਡੇ ਆਗੂ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਦੀ ਬਜਾਏ ਸੱਤਾ ਲਈ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਕਰਨ ਅਤੇ ਖਿੱਚੋਤਾਣ ਵਿੱਚ ਲੱਗੇ ਹੋਏ ਹਨ।

ਭੁੱਲਰ ਦੀ ਰਿਹਾਈ ਸਬੰਧੀ ਸਵਾਲਾਂ ਤੋਂ ਵੱਟਿਆ ਟਾਲਾ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਪੁੱਛੇ ਸਵਾਲਾਂ ਵਿੱਚ ਭਗਵੰਤ ਮਾਨ ਨੇ ਟਾਲਮਟੋਲ ਵਾਲੀ ਨੀਤੀ ਹੀ ਰੱਖੀ। ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਜਦੋਂ ਫਾਈਲ ਆਵੇਗੀ ਤਾਂ ਉਸ ’ਤੇ ਸਹੀ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਦੀ ਰਿਪੋਰਟ ਆਉਣ ’ਤੇ ਦਿੱਲੀ ਵਿਚ ‘ਆਪ’ ਦੀ ਸਰਕਾਰ ਉਸ ’ਤੇ ਦਸਤਖਤ ਕਰ ਦੇਵੇਗੀ। ਇਹ ਰਿਪੋਰਟ ਭਾਵੇਂ ਦਸਾਂ ਦਿਨਾਂ ਨੂੰ ਆ ਜਾਵੇ ਭਾਵੇਂ ਇਕ ਮਹੀਨੇ ਨੂੰ ਆਵੇ। ਜ਼ਿਕਰਯੋਗ ਹੈ ਕਿ ਇਸ ਬੋਰਡ ਦੇ ਮੁਖੀ ਦਿੱਲੀ ’ਚ ਆਪ ਦੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਹਨ, ਜਿਨ੍ਹਾਂ ਨੇ ਦੋ ਵਾਰ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫਾਈਲ ’ਤੇ ਸਹੀ ਨਹੀਂ ਪਾਈ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All