ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੂਨ
ਸਥਾਨਕ ਦਿਹਾਤੀ ਦੀ ਪੁਲੀਸ ਨੇ ਅੱਜ ਗੈਂਗਸਟਰ ਪਿੰਦਾ ਨਿਹਾਲੂਵਾਲੀਆ ਗਰੋਹ ਦੇ 19 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚ 13 ਸ਼ੂਟਰ ਸ਼ਾਮਲ ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ 11 ਹਥਿਆਰ, ਦੋ ਗੱਡੀਆਂ ਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਹੈ। ਪੁਲੀਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਖ਼ਿਲਾਫ਼ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਤਰਨ ਤਾਰਨ ਤੇ ਬਠਿੰਡਾ ਵਿੱਚ 24 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਅੱਜ ਗ੍ਰਿਫ਼ਤਾਰ ਕੀਤੇ ਗਏ ਸਾਰੇ ਸ਼ੂਟਰ ਸਿਖਲਾਈ ਪ੍ਰਾਪਤ ਹਨ ਤੇ ਬਾਕੀ ਛੇ ਮੁਲਜ਼ਮ ਇਨ੍ਹਾਂ ਨੂੰ ਪਨਾਹ ਦੇਣ ਤੇ ਹਥਿਆਰ ਆਦਿ ਸਪਲਾਈ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਹੁਣ ਇਸ ਗੈਂਗ ਦਾ ਸਰਗਨਾ ਹੈ ਤੇ ਉਹ ਇਸ ਵੇਲੇ ਗਰੀਸ ’ਚ ਰਹਿ ਰਹੇ ਗਰੋਹ ਦੇ ਇੱਕ ਹੋਰ ਸਾਥੀ ਪਰਮਜੀਤ ਉਰਫ਼ ਪੰਮਾ ਵਾਸੀ ਸ਼ਾਹਕੋਟ ਨਾਲ ਰਲ ਕੇ ਸਭ ਕੁਝ ਸੰਭਾਲ ਰਿਹਾ ਹੈ।