Punjab Police Recruitment: ਪੰਜਾਬ ਪੁਲੀਸ ਵਿੱਚ ਕੀਤੀ ਜਾਵੇਗੀ 10 ਹਜ਼ਾਰ ਮੁਲਾਜ਼ਮਾਂ ਦੀ ਭਰਤੀ: ਮਾਨ
ਮੁੱਖ ਮੰਤਰੀ ਨੇ ਕਿਹਾ; ਸੂਬਾ ਸਰਕਾਰ ਪੁਲੀਸ ਫੋਰਸ ਦਾ ਵਿਸਥਾਰ ਕਰਨ ਦੇ ਨਾਲ-ਨਾਲ ਇਸ ਨੂੰ ਬਣਾ ਰਹੀ ਆਧੁਨਿਕ
Punjab Police Recruitment: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਨਸ਼ਿਆਂ ਖਿਲਾਫ਼ ਜਾਰੀ ਜੰਗ ਦਾ ਜ਼ਿਕਰ ਕਰਦਿਆਂ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲੀਸ ਵਿੱਚ 10,000 ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।
ਫਿਲੌਰ ਸਥਿਤ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵਿੱਚ ਪੁਲੀਸ ਅਧਿਕਾਰੀਆਂ ਦਾ ਸਨਮਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਹ ਗੱਲ ਕਹੀ।
ਮਾਨ ਨੇ ਕਿਹਾ ਕਿ ਪੁਲੀਸ ਨੂੰ ਨਸ਼ਿਆਂ ਖਿਲਾਫ਼ ਹਰ ਕਾਨੂੰਨੀ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਹੈ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਨਾਲ ਲੈਣ ਅਤੇ ਨਸ਼ੇ ਦੀ ਸਮੱਸਿਆ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਹੁਣ ਪੂਰੇ ਪੰਜਾਬ ਵਿੱਚ ਲੋਕ-ਜਾਗਰੂਕਤਾ ਦੀ ਇੱਕ ਲਹਿਰ ਬਣ ਗਈ ਹੈ। ਮਾਨ ਨੇ ਦੱਸਿਆ ਕਿ ਪੁਲੀਸ ਫੋਰਸ ਵਿੱਚ ਜਲਦੀ ਹੀ 450 ਅਸਿਸਟੈਂਟ ਸਬ-ਇੰਸਪੈਕਟਰਾਂ (ਏ ਐੱਸ ਆਈ) ਦੀ ਭਰਤੀ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੁਲੀਸ ਫੋਰਸ ਦਾ ਵਿਸਥਾਰ ਕਰਨ ਦੇ ਨਾਲ-ਨਾਲ ਇਸ ਨੂੰ ਆਧੁਨਿਕ ਵੀ ਬਣਾ ਰਹੀ ਹੈ। ਉਨ੍ਹਾਂ ਕਿਹਾ, "ਅਸੀਂ 450 ਏ ਐੱਸ ਆਈ ਦੀ ਸਿੱਧੀ ਭਰਤੀ ਕਰ ਰਹੇ ਹਾਂ। ਕਰੀਬ 3,400 ਭਰਤੀ ਕੀਤੇ ਗਏ ਪੁਲੀਸ ਮੁਲਾਜ਼ਮ ਫਿਲਹਾਲ ਟਰੇਨਿੰਗ ਲੈ ਰਹੇ ਹਨ, ਜਦਕਿ ਅਗਲੇ ਵਿੱਤੀ ਸਾਲ ਵਿੱਚ ਪੁਲੀਸ ਦੀਆਂ 10,000 ਹੋਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਨ ਦੀ ਤਜਵੀਜ਼ ਹੈ।"
ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੀ ਤਸਕਰੀ ਨਾਲ ਹੋਰ ਵੀ ਅਸਰਦਾਰ ਢੰਗ ਨਾਲ ਨਜਿੱਠਣ ਲਈ ਐੱਨ ਡੀ ਪੀ ਐੱਸ (NDPS) ਐਕਟ ਨੂੰ ਹੋਰ ਸਖ਼ਤ ਬਣਾਉਣ ਦੇ ਸਬੰਧ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।

