ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ : The Tribune India

ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ

ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰਿਆ

ਜਲੰਧਰ ਵਿੱਚ ਮੀਂਹ ਕਾਰਨ ਵਿਛੀ ਕਣਕ ਦੀ ਫ਼ਸਲ ਦੇਖਦਾ ਹੋਇਆ ਕਿਸਾਨ। -ਫੋਟੋ: ਏਐਨਆਈ

ਹਤਿੰਦਰ ਮਹਿਤਾ/ਜੰਗ ਬਹਾਦਰ ਸਿੰਘ ਸੇਖੋਂ

ਜਲੰਧਰ/ਗੜ੍ਹਸ਼ੰਕਰ, 24 ਮਾਰਚ

ਪੰਜਾਬ ਵਿੱਚ ਭਰ ਵਿੱਚ ਹਨੇਰੀ ਅਤੇ ਬੇਮੌਸਮੇ ਮੀਂਹ ਨੇ ਪਾਰਾ ਮੁੜ ਡੇਗ ਦਿੱਤਾ ਹੈ। ਅੱਜ ਸਵੇਰੇ ਪਏ ਮੀਂਹ ਕਾਰਨ ਜਿੱਥੇ ਠੰਢ ਵਿੱਚ ਵਾਧਾ ਹੋਇਆ ਹੈ ਉਥੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਜਾਣਕਾਰੀ ਅਨੁਸਾਰ ਮਾਝਾ ਅਤੇ ਦੋਆਬਾ ਖੇਤਰ ਵਿੱਚ ਮੀਂਹ ਮਗਰੋਂ ਚੱਲੀ ਹਨੇਰੀ ਕਾਰਨ ਕਣਕ ਦੀਆਂ ਫ਼ਸਲਾਂ ਵਿਛ ਗਈਆਂ ਹਨ। ਜਲੰਧਰ ਵਿੱਚ ਕਿਸਾਨ ਹਰਕਿਰਤ ਸਿੰਘ ਨੇ ਦੱਸਿਆ ਕਿ ਉਸ ਨੇ 14 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਕੁੱਝ ਦਿਨ ਪਹਿਲਾਂ ਸਭ ਕੁਝ ਠੀਕ ਸੀ ਪਰ ਬਦਲੇ ਮੌਸਮ ਕਾਰਨ ਹੁਣ ਉਸ ਦੀ ਕਣਕ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਡਰੋਲੀ ਕਲਾਂ, ਕੰਦੋਲਾ, ਦਿਵਾਲੀ, ਮਹਿਤਪੁਰ, ਖਿੱਚੀਪੁਰ, ਮਹਿਮੰਦਪੁਰ, ਹਰੀਪੁਰ, ਕਠਾਰ, ਸਿੰਕਦਰਪੁਰ, ਨੂਰਪੁਰ, ਚੋਗਾਵਾ, ਰਹੀਮਪੁਰ, ਪੰਡੋਰੀ ਨਿੱਝਰਾ, ਸੇਖਾ, ਕਾਹਨਪੁਰ, ਬੱਲਾ, ਲਾਬੜਾ ਅਤੇ ਹੋਰ ਕਈ ਪਿੰਡਾਂ ਵਿਚ ਕਣਕ ਦੀ ਫ਼ਸਲ ਵਿਛ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿੰਡ ਸਿੰਕਦਰਪੁਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਰਾਮਤੋਰੀ, ਟਿੰਡੇ, ਘੀਆ, ਕੱਦੂ ਤੇ ਹੋਰ ਸਬਜ਼ੀਆਂ ਬੀਜੀਆਂ ਸਨ ਪਰ ਅੱਜ ਪਏ ਮੀਂਹ ਕਾਰਨ ਸਬਜ਼ੀਆਂ ਦੀ ਫਸਲ ਨੁਕਸਾਨੀ ਗਈ ਹੈ। ਹਰੀਪੁਰ ਦੇ ਕਿਸਾਨਾਂ ਨੇ ਦੱਸਿਆ ਇਸ ਮੀਂਹ ਦਾ ਸਿੱਧਾ ਅਸਰ ਕਣਕ ਦੀ ਫ਼ਸਲ ਦੇ ਝਾੜ ’ਤੇ ਪਵੇਗਾ। ਉਸ ਨੇ ਦੱਸਿਆ ਕਿ ਉਸ ਦੀ ਫ਼ਸਲ ਦੇ ਸਿੱਟੇ ਪੱਕਣ ਦੇ ਕੰਢੇ ਸਨ ਪਰ ਮੀਂਹ ਪੈਣ ਤੋਂ ਬਾਅਦ ਉਹ 50 ਫ਼ੀਸਦੀ ਤੋਂ ਵੱਧ ਡਿੱਗ ਗਈ ਹੈ।

ਇਸੇ ਤਰ੍ਹਾਂ ਗੜ੍ਹਸ਼ੰਕਰ ਵਿੱਚ ਪਏ ਦਰਮਆਨੇ ਮੀਂਹ ਤੋਂ ਬਾਅਦ ਚੱਲੀ ਹਨੇਰੀ ਨਾਲ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਅਨੇਕਾਂ ਪਿੰਡਾਂ ਵਿੱਚ ਕਣਕ ਦੀ ਫਸਲ ਖੇਤਾਂ ਵਿੱਚ ਵਿਛ ਗਈ ਤੇ ਕਣਕ ਦੇ ਕਾਸ਼ਤਕਾਰਾਂ ਦੇ ਚਿਹਰੇ ਮੁਰਝਾ ਗਏ ਹਨ। ਪਿੰਡ ਪੱਖੋਵਾਲ ਦੇ ਕਿਸਾਨ ਜੋਗਿੰਦਰ ਸਿੰਘ, ਗੱਜਰ ਦੇ ਮੀਤ ਚੰਦ, ਬਿਲੜੋਂ ਦੇ ਕਿਸਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਕਣਕ ਦੀ ਕਟਾਈ ਸ਼ੁਰੂ ਹੋਣੀ ਸੀ ਪਰ ਹੁਣ ਖੇਤਾਂ ਵਿੱਚ ਡਿਗਰੀ ਕਣਕ ਦੀ ਫਸਲ ਨੂੰ ਕੰਬਾਇਨ ਨਾਲ ਕੱਟਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੱਥੀਂ ਕਣਕ ਕੱਟਣ ਨਾਲ ਜਿੱਥੇ ਕਟਾਈ ਦੀ ਲਾਗਤ ਵੱਧ ਜਾਵੇਗੀ ਉੱਥੇ ਹੀ ਕਣਕ ਦੀ ਫਸਲ ਖੇਤਾਂ ਵਿੱਚ ਵੀ ਰੁਲ ਜਾਵੇਗੀ। ਕਿਸਾਨਾਂ ਅਨੁਸਾਰ ਇਸ ਵਾਰ ਕਣਕ ਦਾ ਝਾੜ ਵੀ ਘੱਟ ਨਿਕਲਣ ਦੇ ਆਸਾਰ ਹਨ। ਭਾਜਪਾ ਦੇ ਆਗੂ ਬੀਬੀ ਨਿਮਿਸ਼ਾ ਮਹਿਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੀਂਹ ਹਨੇਰੀ ਨਾਲ ਪ੍ਰਭਾਵਿਤ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All