ਪੱਤਰ ਪ੍ਰੇਰਕ
ਏਲਨਾਬਾਦ, 10 ਅਗਸਤ
ਖੁਫੀਆ ਵਿਭਾਗ ਅਤੇ ਜੀਆਰਪੀ ਪੁਲੀਸ ਏਲਨਾਬਾਦ ਦੀ ਟੀਮ ਨੇ ਆਜ਼ਾਦੀ ਦਿਵਸ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਖੁਫ਼ੀਆ ਵਿਭਾਗ ਦੇ ਹੈੱਡ ਕਾਸਟੇਬਲ ਸਹਿਦੇਵ, ਜੀਆਰਪੀ ਦੇ ਸਬ-ਇੰਸਪੈਕਟਰ ਦਿਆ ਰਾਮ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੁਲੀਸ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛ ਪੜਤਾਲ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ। ਜਾਂਚ ਟੀਮ ਵਿੱਚ ਆਤਮਾ ਰਾਮ, ਮਹਿਲਾ ਪੁਲੀਸ ਕਰਮਚਾਰੀ ਸੁਨੀਤਾ ਅਤੇ ਸ਼ਾਲਿਨੀ ਆਦਿ ਸ਼ਾਮਲ ਸਨ।
ਹੈੱਡ ਕਾਸਟੇਬਲ ਸਹਿਦੇਵ ਨੇ ਦੱਸਿਆ ਕਿ ਦੱਸਿਆ ਕਿ ਇਸ ਦੌਰਾਨ ਪੁਲੀਸ ਨੂੰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ 15 ਅਗਸਤ ਤੱਕ ਵੱਖ-ਵੱਖ ਥਾਵਾਂ ’ਤੇ ਚਲਾਈ ਜਾਵੇਗੀ ਤਾਂ ਜੋ ਅਜ਼ਾਦੀ ਦਿਹਾੜੇ ਮੌਕੇ ਕਿਤੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਪੁਲੀਸ ਕਰਮੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਤੇ ਵੀ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੂਰੀ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸਿਹਤ ਮੰਤਰੀ ਜੌੜਾਮਾਜਰਾ ਬਰਨਾਲਾ ਵਿੱਚ ਲਹਿਰਾਉਣਗੇ ਤਿਰੰਗਾ
ਬਰਨਾਲਾ (ਖੇਤਰੀ ਪ੍ਰਤੀਨਿਧ): ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਬਰਨਾਲਾ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਸਮਾਗਮ ਸਥਾਨਕ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਹੋਵੇਗਾ। ਇਹ ਜਾਣਕਾਰੀ ਡੀਸੀ ਡਾ. ਹਰੀਸ਼ ਨਈਅਰ ਨੇ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦੀ ਤਿਆਰੀ ਸਬੰਧੀ ਵਿਸ਼ੇਸ਼ ਬੈਠਕ ਦੌਰਾਨ ਦਿੱਤੀ। ਉਨ੍ਹਾਂਂ ਦੱਸਿਆ ਕਿ ਆਜ਼ਾਦੀ ਦਿਹਾੜੇ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ’ਤੇ ਵੱਖ-ਵੱਖ ਸਖ਼ਸ਼ੀਅਤਾਂ ਦੇ ਬੈਠਣ ਲਈ ਵੱਖਰੇ-ਵੱਖਰੇ ਬਲਾਕ ਤਿਆਰ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਅਤੇ ਪੁਲੀਸ ਵਿਭਾਗ ਨੂੰ ਸੁਰੱਖਿਆ ਇੰਤਜ਼ਾਮ ਕਰਨ ਦੀ ਹਦਾਇਤ ਵੀ ਕੀਤੀ।