Yamuna Canal: ਪੋਕਲੇਨ ਮਸ਼ੀਨ ਨਹਿਰ ’ਚ ਡਿੱਗਣ ਕਾਰਨ ਡਰਾਈਵਰ ਦੀ ਮੌਤ
ਬਾਡੀ ਮਾਜਰਾ-ਤੀਰਥ ਨਗਰ ਪੁਲ ਦੇ ਨੇੜੇ ਕੰਮ ਦੌਰਾਨ ਇੱਕ ਪੋਕਲੇਨ ਮਸ਼ੀਨ ਅਚਾਨਕ ਪੱਛਮੀ ਯਮੁਨਾ ਨਹਿਰ ਵਿੱਚ ਡਿੱਗ ਗਈ। ਮਸ਼ੀਨ ਚਲਾ ਰਿਹਾ ਡਰਾਈਵਰ ਹਾਦਸੇ ਸਮੇਂ ਕੈਬਿਨ ਅੰਦਰ ਹੀ ਫਸ ਗਿਆ। ਸੂਚਨਾ ਮਿਲਣ ’ਤੇ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਗੋਤਾਖੋਰਾਂ ਦੀ...
ਬਾਡੀ ਮਾਜਰਾ-ਤੀਰਥ ਨਗਰ ਪੁਲ ਦੇ ਨੇੜੇ ਕੰਮ ਦੌਰਾਨ ਇੱਕ ਪੋਕਲੇਨ ਮਸ਼ੀਨ ਅਚਾਨਕ ਪੱਛਮੀ ਯਮੁਨਾ ਨਹਿਰ ਵਿੱਚ ਡਿੱਗ ਗਈ। ਮਸ਼ੀਨ ਚਲਾ ਰਿਹਾ ਡਰਾਈਵਰ ਹਾਦਸੇ ਸਮੇਂ ਕੈਬਿਨ ਅੰਦਰ ਹੀ ਫਸ ਗਿਆ। ਸੂਚਨਾ ਮਿਲਣ ’ਤੇ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਯਮੁਨਾਨਗਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰੀਤਮ (35) ਵਜੋਂ ਹੋਈ ਹੈ ਜੋ ਥਾਰਾ ਝਿਕਲਾ, ਜ਼ਿਲ੍ਹਾ ਪਠਾਨਕੋਟ (ਪੰਜਾਬ) ਦਾ ਰਹਿਣ ਵਾਲਾ ਸੀ। ਉਹ ਦੋ ਧੀਆਂ ਦਾ ਪਿਤਾ ਸੀ ਅਤੇ ਲਗਪਗ 20 ਸਾਲਾਂ ਤੋਂ ਪੋਕਲੇਨ ਮਸ਼ੀਨ ਅਪਰੇਟਰ ਵਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਭਰਾ ਕੁਲਦੀਪ ਨੇ ਦੱਸਿਆ ਕਿ ਉਹ ਲਗਪਗ ਚਾਰ ਸਾਲਾਂ ਤੋਂ ਯਮੁਨਾਨਗਰ ਵਿੱਚ ਪੱਛਮੀ ਯਮੁਨਾ ਨਹਿਰ ਦੇ ਨਾਲ ਨਾਲ ਚੱਲ ਰਹੇ ਪੱਧਰੀਕਰਨ ਦੇ ਕੰਮ ਵਿੱਚ ਲੱਗੇ ਹੋਏ ਸਨ। ਮੰਗਲਵਾਰ ਸਵੇਰੇ ਬਾਡੀ ਮਾਜਰਾ ਪੁਲ ਨੇੜੇ ਲੈਵਲਿੰਗ ਦਾ ਕੰਮ ਸ਼ੁਰੂ ਹੋਇਆ ਸੀ। ਪ੍ਰੀਤਮ ਨਹਿਰ ਦੇ ਕੰਢੇ ਕੰਮ ਕਰ ਰਿਹਾ ਸੀ। ਅਚਾਨਕ ਮਸ਼ੀਨ ਰੇਤ ਵਿੱਚ ਧਸ ਗਈ ਅਤੇ ਨਹਿਰ ਵਿੱਚ ਡਿੱਗ ਗਈ। ਹਾਦਸੇ ਦੌਰਾਨ ਮਸ਼ੀਨ ਦਾ ਕੈਬਿਨ ਪਾਣੀ ਅਤੇ ਰੇਤ ਨਾਲ ਭਰ ਜਾਣ ਕਾਰਨ ਪ੍ਰੀਤਮ ਅੰਦਰ ਹੀ ਫਸ ਗਿਆ।
ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪ੍ਰੀਤਮ ਦੀ ਮੌਤ ਕੈਬਿਨ ਅੰਦਰ ਫਸਣ ਕਾਰਨ ਦਮ ਘੁੱਟਣ ਕਾਰਨ ਹੋਈ ਹੈ। ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਡਿਪਟੀ ਸੀ ਐੱਮ ਓ ਡਾ. ਦਿਵਿਆ ਮੰਗਲਾ ਨੇ ਦੱਸਿਆ ਕਿ ਪ੍ਰੀਤਮ ਨੂੰ ਹਸਪਤਾਲ ਲਿਆਉਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

