ਔਰਤ ਨੇ ਪਤੀ ਦਾ ਕੀਤਾ ਕਤਲ; ਅੰਤੜੀਆਂ ਬੈਗ ਵਿੱਚ ਰੱਖੀਆਂ, ਲਿਵਰ ਅਤੇ ਕਿਡਨੀ ਗਾਇਬ ਮਿਲੇ
ਪੁਲੀਸ ਨੇ ਮੌਕੇ ਤੋਂ ਵੱਖ-ਵੱਖ ਆਕਾਰ ਦੇ ਤਿੰਨ ਚਾਕੂ ਕੀਤੇ ਬਰਾਮਦ
ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਔਰਤ ਨੇ ਕਥਿਤ ਤੌਰ 'ਤੇ ਤੇਜ਼ ਹਥਿਆਰ ਨਾਲ ਆਪਣੇ ਪਤੀ ਦਾ ਪੇਟ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀਆਂ ਅੰਤੜੀਆਂ ਨੂੰ ਇੱਕ ਪਲਾਸਟਿਕ ਦੇ ਬੈਗ ਵਿੱਚ ਰੱਖ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਔਰਤ ਨੇ ਛੱਤ ਤੋਂ ਹੇਠਾਂ ਛਾਲ ਮਾਰ ਦਿੱਤੀ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲੀਸ ਦੇ ਅਨੁਸਾਰ, ਪੋਸਟਮਾਰਟਮ ਵਿੱਚ ਮ੍ਰਿਤਕ ਦੇ ਲਿਵਰ ਦਾ ਇੱਕ ਹਿੱਸਾ ਅਤੇ ਸੱਜੀ ਕਿਡਨੀ ਗਾਇਬ ਮਿਲੀ, ਜਿਸ ਤੋਂ ਬਾਅਦ ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅੰਗਾਂ ਦੇ ਗਾਇਬ ਹੋਣ ਦਾ ਕਤਲ ਨਾਲ ਕੋਈ ਸਬੰਧ ਹੈ ਜਾਂ ਨਹੀਂ। ਦੂਜੇ ਪਾਸੇ ਛੱਤ ਤੋਂ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਔਰਤ ਦਾ ਇਲਾਜ ਜਾਰੀ ਹੈ।
ਇਹ ਘਟਨਾ ਸ਼ਨਿੱਚਰਵਾਰ ਨੂੰ ਪਿਹੋਵਾ ਰੋਡ 'ਤੇ ਰਾਜ ਪੈਲਸ ਦੇ ਕੋਲ ਸਥਿਤ ਇੱਕ ਕਿਰਾਏ ਦੇ ਘਰ ਵਿੱਚ ਵਾਪਰੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਧਾਮਪੁਰ ਪਿੰਡ ਨਿਵਾਸੀ ਰਾਜੇਸ਼ (40) ਵਜੋਂ ਹੋਈ ਹੈ। ਉਹ ਕਰੀਬ ਇੱਕ ਸਾਲ ਤੋਂ ਆਪਣੀ ਪਤਨੀ ਵਿਮਲਾ ਦੇਵੀ ਨਾਲ ਉੱਥੇ ਰਹਿ ਰਿਹਾ ਸੀ ਅਤੇ ਇੱਕ ਕੰਪਨੀ ਵਿੱਚ ਪਾਣੀ ਸਪਲਾਈ ਕਰਨ ਵਾਲੇ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਮਕਾਨ ਮਾਲਕ ਰਿੰਕੂ ਦੇ ਅਨੁਸਾਰ, ਸ਼ਨਿੱਚਰਵਾਰ ਸ਼ਾਮ ਕਰੀਬ ਪੰਜ ਵਜੇ ਉਸ ਨੇ ਚੀਕਾਂ ਦੀਆਂ ਆਵਾਜ਼ਾਂ ਸੁਣਿਆ। ਉਸ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਛੱਤ 'ਤੇ ਪਹੁੰਚਿਆ ਤਾਂ ਰਾਜੇਸ਼ ਲਹੂ-ਲੁਹਾਣ ਹਾਲਤ ਵਿੱਚ ਪਿਆ ਸੀ ਅਤੇ ਉਸ ਦੇ ਪੇਟ 'ਤੇ ਡੂੰਘੇ ਜ਼ਖ਼ਮ ਸਨ। ਰਿੰਕੂ ਨੇ ਕਥਿਤ ਤੌਰ 'ਤੇ ਦੇਵੀ ਨੂੰ ਰਾਜੇਸ਼ ਦੀਆਂ ਬਾਹਰ ਨਿਕਲੀਆਂ ਅੰਤੜੀਆਂ ਨੂੰ ਪਲਾਸਟਿਕ ਦੇ ਬੈਗ ਵਿੱਚ ਰੱਖਦਿਆਂ ਦੇਖਿਆ।
ਮਕਾਨ ਮਾਲਕ ਨੂੰ ਵੇਖਦਿਆਂ ਹੀ ਦੇਵੀ ਕਥਿਤ ਤੌਰ 'ਤੇ ਘਬਰਾ ਗਈ ਅਤੇ ਛੱਤ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਹਸਪਤਾਲ ਵਿੱਚ ਦਾਖ਼ਲ ਹੈ।
ਪੁਲੀਸ ਨੇ ਮੌਕੇ ਤੋਂ ਵੱਖ-ਵੱਖ ਆਕਾਰ ਦੇ ਤਿੰਨ ਚਾਕੂ ਬਰਾਮਦ ਕੀਤੇ ਹਨ।
ਪੋਸਟਮਾਰਟਮ ਜਾਂਚ ਨੇ ਮੌਤ ਦੇ ਹਾਲਾਤਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ। ਫੋਰੈਂਸਿਕ ਮਾਹਰ ਡਾ. ਗੌਰਵ ਕੌਸ਼ਿਕ ਨੇ ਦੱਸਿਆ ਕਿ ਮ੍ਰਿਤਕ ਦੇ ਲਿਵਰ ਦਾ ਕਰੀਬ ਅੱਧਾ ਹਿੱਸਾ ਅਤੇ ਸੱਜੀ ਕਿਡਨੀ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਪੇਟ 'ਤੇ ਕਰੀਬ 37 ਸੈਂਟੀਮੀਟਰ ਲੰਮਾ ਡੂੰਘਾ ਚੀਰ ਪਾਇਆ ਗਿਆ ਅਤੇ ਜ਼ਖ਼ਮ ਤੋਂ ਅੰਤੜੀਆਂ ਬਾਹਰ ਨਿਕਲੀਆਂ ਹੋਈਆਂ ਸਨ। ਪੁਲੀਸ ਗਾਇਬ ਅੰਗਾਂ ਬਾਰੇ ਪਤਾ ਲਗਾ ਰਹੀ ਹੈ ਅਤੇ ਇਹ ਵੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਦਾ ਗਾਇਬ ਹੋਣਾ ਕਤਲ ਨਾਲ ਜੁੜਿਆ ਹੈ ਜਾਂ ਨਹੀਂ।
ਮਕਾਨ ਮਾਲਕ ਦੇ ਅਨੁਸਾਰ, ਦੇਵੀ 'ਝਾੜ-ਫੂਕ' ਯਾਨੀ ਰਵਾਇਤੀ ਇਲਾਜ ਅਤੇ ਤਾਂਤਰਿਕ ਗਤੀਵਿਧੀਆਂ ਕਰਦੀ ਸੀ ਅਤੇ ਦੋਵਾਂ ਵਿੱਚ ਅਕਸਰ ਲੜਾਈ ਹੁੰਦੀ ਸੀ।
ਦੋਵਾਂ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ, ਪਰ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਹਾਲਾਂਕਿ, ਪੁਲੀਸ ਨੇ ਕਿਹਾ ਕਿ ਕਤਲ ਦੇ ਪਿੱਛੇ ਦੀ ਵਜ੍ਹਾ ਅਜੇ ਸਪਸ਼ਟ ਨਹੀਂ ਹੋਈ ਹੈ।
ਆਦਰਸ਼ ਪੁਲੀਸ ਥਾਣੇ ਦੇ ਇੰਚਾਰਜ (ਐੱਸ ਐੱਚ ਓ) ਸੁਰਿੰਦਰ ਸੰਧੂ ਨੇ ਦੱਸਿਆ ਕਿ ਦੇਵੀ ਦਾ ਇਲਾਜ ਜਾਰੀ ਹੈ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।

