ਰਿਹਾਇਸ਼ੀ ਖੇਤਰਾਂ ’ਚੋਂ ਹਾਈਵੋਲਟੇਜ ਤਾਰਾਂ ਹਟਾਵਾਂਗੇ: ਵਿੱਜ
ਝੱਖਡ਼ ਕਾਰਨ ਡਿੱਗੇ ਖੰਭਿਆਂ ਤੇ ਟਰਾਂਸਫਾਰਮਰਾਂ ਦੀ ਮੁਰੰਮਤ ਦਾ ਦਾਅਵਾ
ਹਰਿਆਣਾ ਦੇ ਬਿਜਲੀ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਰਕਾਰ ਰਿਹਾਇਸ਼ੀ ਖੇਤਰਾਂ ਵਿੱਚ 33 ਕੇਵੀ ਜਾਂ 66 ਕੇਵੀ ਬਿਜਲੀ ਲਾਈਨਾਂ ਨੂੰ ਹਟਾਉਣ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਤੇਜ਼ ਹਵਾ ਅਤੇ ਮੀਂਹ ਕਾਰਨ ਡਿੱਗੇ ਖੰਭਿਆਂ ਅਤੇ ਟਰਾਂਸਫਾਰਮਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਅਨਿਲ ਵਿੱਜ ਅੱਜ ਯਮੁਨਾਨਗਰ ਵਿੱਚ ਗਣਤੰਤਰ ਦਿਵਸ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਓਵਰਹੈੱਡ ਤਾਰਾਂ ਦੀ ਗੱਲ ਆਉਂਦੀ ਹੈ ਤਾਂ ਇਹ ਤੈਅ ਕੀਤਾ ਜਾਂਦਾ ਹੈ ਕਿ ਤਾਰਾਂ ਪਹਿਲਾਂ ਵਿਛਾਈਆਂ ਗਈਆਂ ਸਨ ਜਾਂ ਘਰ ਬਾਅਦ ਵਿੱਚ ਬਣਾਇਆ ਗਿਆ ਸੀ। ਜੇਕਰ ਘਰ ਬਾਅਦ ਵਿੱਚ ਬਣਾਇਆ ਗਿਆ ਸੀ ਤਾਂ ਤਾਰਾਂ ਨੂੰ ਹਟਾਉਣ ਲਈ ਇੱਕ ਅਨੁਮਾਨ ਰਾਸ਼ੀ ਜਮ੍ਹਾਂ ਕਰਵਾਊਣਾ ਲਾਜ਼ਮੀ ਹੈ। ਬਿਜਲੀ ਕੱਟਾਂ ਬਾਰੇ ਉਨ੍ਹਾਂ ਕਿਹਾ ਕਿ ਝੱਖੜ ਕਾਰਨ ਡਿੱਗੇ ਖੰਭਿਆਂ ਦੀ ਮੁਰੰਮਤ ਲਈ ਮੁਲਾਜ਼ਮ ਕੰਮ ਕਰ ਰਹੇ ਹਨ। ਵਿੱਜ ਨੇ ਕਿਹਾ, ‘‘ਮੈਂ ਕਿਤੇ ਵੀ ਬਿਜਲੀ ਕੱਟਾਂ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਮੈਂ ਨਿੱਜੀ ਤੌਰ ’ਤੇ ਇਸ ਦੀ ਨਿਗਰਾਨੀ ਕਰਦਾ ਹਾਂ।’’ ਕਾਂਗਰਸ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਇੱਕ ਖਿੱਲਰੀ ਹੋਈ ਪਾਰਟੀ ਹੈ ਅਤੇ ਦੇਸ਼ ਭਰ ਵਿੱਚ ਉਸ ਦਾ ਸਫਾਇਆ ਹੋ ਰਿਹਾ ਹੈ । ਹਰਿਆਣਾ, ਦਿੱਲੀ ਅਤੇ ਬਿਹਾਰ ਜਿੱਤਣ ਤੋਂ ਬਾਅਦ ਭਾਜਪਾ ਨੇ ਮਹਾਰਾਸ਼ਟਰ ਵਿੱਚ ਨਿਗਮ ਚੋਣਾਂ ਜਿੱਤੀਆਂ ਅਤੇ ਹੁਣ ਬੰਗਾਲ ਜਿੱਤੇਗੀ। ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੱਤ ਕਾਫ਼ਲਾ ਚੱਲ ਰਿਹਾ ਹੈ ਅਤੇ ਅਜਿਹਾ ਹੀ ਹੁੰਦਾ ਰਹੇਗਾ, ਕਿਉਂਕਿ ਕਾਂਗਰਸ ਹਾਰ ਰਹੀ ਹੈ ਅਤੇ ਹਾਰਦੀ ਰਹੇਗੀ।

