ਬਾਬੈਨ ਅਨਾਜ ਮੰਡੀ ਵਿੱਚ ਕਣਕ ਦੀ ਢੋਆ-ਢੁਆਈ ਸੁਸਤ ਅਤੇ ਸਮੇਂ ਸਿਰ ਨਾ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਕਰੋੜਾਂ ਰੁਪਏ ਦੀ ਅਦਾਇਗੀ ਮੰਡੀ ਵਿਚ ਫਸੀ ਹੋਈ ਹੈ। ਲੰਘੀ 21 ਅਪਰੈਲ ਤੱਕ ਬਾਬੈਨ ਅਨਾਜ ਮੰਡੀ ਵਿਚ 5517 ਕਿਸਾਨਾਂ ਦੀਆਂ ਪਹੁੰਚੀ ਕਣਕ ਦੀਆਂ ਲਗਪਗ 4 ਲੱਖ 84 ਹਜ਼ਾਰ ਬੋਰੀਆਂ ਭਰੀਆਂ ਗਈਆਂ, ਜਿਸ ਵਿਚੋਂ ਹੁਣ ਤਕ ਸਿਰਫ ਇਕ ਲੱਖ 92 ਹਜ਼ਾਰ ਬੋਰੀਆਂ ਦੀ ਚੁੱਕੀਆਂ ਗਈਆਂ ਹਨ। ਮੰਡੀ ਵਿਚ ਖ਼ਰੀਦੀ ਕਣਕ ਦੇ ਅੰਬਾਰ ਲੱਗੇ ਹੋਏ ਹਨ ਤੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਭੁਗਤਾਨ ਰੁਕਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੇਚੀ ਦੀ ਫਸਲ ਦਾ ਭੁਗਤਾਨ ਉਦੋਂ ਤਕ ਨਹੀਂ ਕੀਤਾ ਜਾਂਦਾ ਜਦ ਤਕ ਵਿਕੀ ਕਣਕ ਸਰਕਾਰੀ ਗੁਦਾਮਾਂ ਵਿਚ ਨਹੀਂ ਪਹੁੰਚ ਜਾਂਦੀ ਅਤੇ ਕਣਕ ਦੀ ਚੁਕਾਈ ਵਿਚ ਦੇਰੀ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰ ਰਹੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਕਣਕ ਦੀ ਚੁਕਾਈ ਵਿਚ ਤੇਜ਼ੀ ਲਿਆਵੇ ਤਾਂ ਜੋ ਉਨ੍ਹਾਂ ਦੀਆਂ ਅਦਾਇਗੀ ਜਲਦੀ ਤੋਂ ਜਲਦੀ ਹੋ ਸਕੇ। ਬੀ ਕੇ ਯੂ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਾਲ ਮਾਜਾਰਾ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਕਣਕ ਦੀ ਚੁਕਾਈ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਸੰਘਰਸ਼ ਕਰਨਗੇ।
ਮੰਡੀ ’ਚੋਂ ਕਣਕ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਅਪਰੇਟਰਾਂ ਨੇ ਕਿਹਾ ਕਿ ਟਰੱਕਾਂ ਤੋਂ ਕਣਕ ਸਮੇਂ ਸਿਰ ਗੁਦਾਮਾਂ ’ਚ ਨਹੀਂ ਉਤਾਰੀ ਜਾ ਰਹੀ ਜਿਸ ਕਾਰਨ ਉਨ੍ਹਾਂ ਨੂੰ ਦੋ-ਦੋ ਦਿਨ ਗੁਦਾਮਾਂ ਤੋਂ ਬਾਹਰ ਕਤਾਰਾਂ ਵਿਚ ਉਡੀਕ ਕਰਨੀ ਪੈ ਰਹੀ ਹੈ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਬ੍ਰਿਜ ਮੋਹਨ ਸ਼ਰਮਾ ਨੇ ਦੱਸਿਆ ਕਿ 21 ਅਪਰੈਲ ਤਕ ਮੰਡੀ ’ਚ 4,84,000 ਬੋਰੀਆਂ ਕਣਕ ਖ਼ਰੀਦੀ ਗਈ, ਜਿਸ ਵਿੱਚੋਂ 1,92,000 ਬੋਰੀਆਂ ਦੀ ਚੁਕਾਈ ਹੋ ਗਈ ਹੈ।

