Weather Update: ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ’ਚ ਸੋਮਵਾਰ ਤੋਂ ਚੱਲਣਗੀਆਂ ਤੇਜ਼ ਹਵਾਵਾਂ
Western Disturbance Punjab, Chandigarh: ਮੌਸਮ ਵਿਭਾਗ ਵਲੋਂ ਓਰੈਂਜ ਅਲਰਟ ਜਾਰੀ; ਵੀਰਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ; ਸ਼ੁੱਕਰਵਾਰ ਤੋਂ ਅਸਮਾਨ ਸਾਫ਼ ਹੋਣ ਮਗਰੋਂ ਗਰਮੀ ਵਧੇਗੀ; ਪੰਜਾਬ ਵਿੱਚ ਫਰੀਦਕੋਟ 42.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ
Western Disturbance Punjab Chandigarh: ਉੱਤਰ-ਪੱਛਮੀ ਭਾਰਤ ਵਿੱਚ ਇਕ ਹੋਰ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਕਾਰਨ ਭਾਰਤੀ ਮੌਸਮ ਵਿਭਾਗ (IMD) ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ 14 ਮਈ ਤੱਕ ਤੇਜ਼ ਹਵਾਵਾਂ ਤੇ ਗਰਜ-ਚਮਕ ਨਾਲ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਪਗ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿਣ ਦਾ ਅਨੁਮਾਨ ਹੈ। ਮੌਸਮ ਦਾ ਸਭ ਤੋਂ ਵੱਧ ਅਸਰ ਸੋਮਵਾਰ ਨੂੰ ਦੇਖਣ ਨੂੰ ਮਿਲੇਗਾ ਜਿਸ ਲਈ ਪੂਰੇ ਖੇਤਰ ਵਿੱਚ 'ਓਰੈਂਜ ਅਲਰਟ' ਜਾਰੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਆਉਣ ਵਾਲੇ ਹਫ਼ਤੇ ਦੇ ਅੰਤ ਵਿੱਚ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਅਨੁਸਾਰ ਇਹ ਤਬਦੀਲੀ ਵਾਯੂਮੰਡਲ ਵਿੱਚ ਬਣੀ ਪੱਛਮੀ ਗੜਬੜੀ ਅਤੇ ਰਾਜਸਥਾਨ ਦੇ ਇਲਾਕਿਆਂ ਉੱਤੇ ਬਣੇ ਚੱਕਰਵਾਤੀ ਹਵਾਵਾਂ ਕਾਰਨ ਹੋਈ ਹੈ। ਇਹ ਦੋਵੇਂ ਸਿਸਟਮ ਮੈਦਾਨੀ ਇਲਾਕਿਆਂ ਵਿੱਚ ਨਮੀ ਅਤੇ ਊਰਜਾ ਖਿੱਚ ਰਹੇ ਹਨ, ਜਿਸ ਨਾਲ ਪ੍ਰੀ-ਮੌਨਸੂਨ ਗਤੀਵਿਧੀਆਂ ਬਣ ਗਈਆਂ ਹਨ। ਐਤਵਾਰ ਨੂੰ ਪੰਜਾਬ ਵਿੱਚ ਪਹਿਲਾਂ ਹੀ ਓਰੈਂਜ ਅਲਰਟ ਰਿਹਾ, ਜਦਕਿ ਹਰਿਆਣਾ ਅਤੇ ਚੰਡੀਗੜ੍ਹ ਵਿੱਚ 'ਯੈਲੋ ਅਲਰਟ' ਦਿੱਤਾ ਗਿਆ ਸੀ।
ਸੋਮਵਾਰ (11 ਮਈ) ਨੂੰ ਮੌਸਮ ਵਿਚ ਬਦਲਾਅ ਹੋਵੇਗਾ ਜਿਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ, ਦਰੱਖਤਾਂ ਹੇਠਾਂ ਨਾ ਖਡ੍ਹਨ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਰੋਕਣ ਦੀ ਚਿਤਾਵਨੀ ਦਿੱਤੀ ਗਈ ਹੈ। ਮੰਗਲਵਾਰ ਤੋਂ ਵੀਰਵਾਰ ਤੱਕ ਮੌਸਮ ਦੀ ਤੀਬਰਤਾ ਕੁਝ ਘਟ ਜਾਵੇਗੀ।
ਟਰਾਈਸਿਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ) ਲਈ ਮੌਸਮ ਦੀ ਭਵਿੱਖਬਾਣੀ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਬੱਦਲਵਾਈ ਦੇ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਲਗਪਗ 35 ਤੋਂ 36 ਡਿਗਰੀ ਸੈਲਸੀਅਸ ਦੇ ਦਰਮਿਆਨ ਰਹੇਗਾ। ਹਾਲਾਂਕਿ, ਜਿਵੇਂ ਹੀ ਇਹ ਸਿਸਟਮ ਵੀਰਵਾਰ ਤੋਂ ਬਾਅਦ ਅੱਗੇ ਵਧੇਗਾ, ਸ਼ੁੱਕਰਵਾਰ ਨੂੰ ਪਾਰਾ ਤੇਜ਼ੀ ਨਾਲ ਉੱਪਰ ਚੜ੍ਹੇਗਾ ਅਤੇ ਤਾਪਮਾਨ ਲਗਪਗ 39 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜੋ ਮੁੜ ਗਰਮੀ ਵਧਣ ਦਾ ਸੰਕੇਤ ਹੈ।
ਪਿਛਲੇ 24 ਘੰਟਿਆਂ ਦੌਰਾਨ ਪੂਰਾ ਖੇਤਰ ਖ਼ੁਸ਼ਕ ਰਿਹਾ ਪਰ ਕੁਝ ਇਲਾਕਿਆਂ ਵਿੱਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਫਰੀਦਕੋਟ 42.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਜਦਕਿ ਹਰਿਆਣਾ ਦੇ ਫਰੀਦਾਬਾਦ ਵਿੱਚ ਪਾਰਾ 45.2 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਸੁਰੱਖਿਆ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਬਿਜਲੀ ਦੇ ਖੰਭਿਆਂ, ਪਾਣੀ ਦੇ ਸੋਮਿਆਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਇਸ ਸੀਜ਼ਨ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਕਾਰਨ ਪਹਿਲਾਂ ਹੀ ਗਰਮੀ ਤੋਂ ਕੁਝ ਰਾਹਤ ਮਿਲੀ ਹੋਈ ਹੈ।

