Weather update : ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 5 ਦਿਨਾਂ ਲਈ ਮੀਂਹ ਪੈਣ ਦੀ ਪੇਸ਼ੀਨਗੋਈ
ਉੱਤਰ-ਪੱਛਮੀ ਭਾਰਤ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ ਮੁੜ ਆਮ ਦੇ ਨੇੜੇ ਪਹੁੰਚਣ ਦੇ ਨਾਲ ਹੀ, ਮੌਸਮ ਵਿਭਾਗ ਨੇ 27 ਮਈ ਤੋਂ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪੰਜ ਦਿਨਾਂ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜੋ ਕਿ...
ਉੱਤਰ-ਪੱਛਮੀ ਭਾਰਤ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ ਮੁੜ ਆਮ ਦੇ ਨੇੜੇ ਪਹੁੰਚਣ ਦੇ ਨਾਲ ਹੀ, ਮੌਸਮ ਵਿਭਾਗ ਨੇ 27 ਮਈ ਤੋਂ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪੰਜ ਦਿਨਾਂ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜੋ ਕਿ ਇਸ ਖੇਤਰ ਦੇ ਕਈ ਹਿੱਸਿਆਂ ਵਿੱਚ ਹੋਰ ਰਾਹਤ ਲਿਆ ਸਕਦੀ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਹਰਿਆਣਾ ਵਿੱਚ 27, 28 ਅਤੇ 31 ਮਈ ਨੂੰ ਅਤੇ ਪੰਜਾਬ ਵਿੱਚ 28 ਅਤੇ 31 ਮਈ ਨੂੰ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। 29 ਅਤੇ 30 ਮਈ ਨੂੰ ਦੋਵਾਂ ਸੂਬਿਆਂ ਵਿੱਚ ਵੱਡੇ ਪੱਧਰ 'ਤੇ ਮੀਂਹ ਪੈਣ ਦੀ ਉਮੀਦ ਹੈ।
ਇੰਨਾ ਹੀ ਨਹੀਂ ਬਲਕਿ ਦੋਵੇਂ ਸੂਬਿਆਂ ਵਿੱਚ 28 ਅਤੇ 29 ਮਈ ਨੂੰ ਕੁਝ ਥਾਵਾਂ 'ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਗਰਜ-ਚਮਕ ਅਤੇ ਬਿਜਲੀ ਵੀ ਲਿਸ਼ਕ ਸਕਦੀ ਹੈ। ਪੰਜਾਬ ਦੇ ਪੂਰਬੀ ਹਿੱਸਿਆਂ ਅਤੇ ਹਰਿਆਣਾ ਦੇ ਦੱਖਣੀ ਤੇ ਉੱਤਰ-ਪੂਰਬੀ ਇਲਾਕਿਆਂ ਵਿੱਚ ਦੂਜੇ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਮੀਂਹ ਦੀ ਪੇਸ਼ੀਨਗੋਈ ਦੇ ਬਾਵਜੂਦ, 26 ਅਤੇ 27 ਮਈ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੇ ਹਾਲਾਤ ਬਣ ਸਕਦੇ ਹਨ, ਖ਼ਾਸ ਕਰਕੇ ਪੰਜਾਬ ਦੇ ਦੱਖਣੀ ਹਿੱਸਿਆਂ ਅਤੇ ਹਰਿਆਣਾ ਦੇ ਪੱਛਮੀ ਤੇ ਦੱਖਣੀ ਹਿੱਸਿਆਂ ਵਿੱਚ।
ਮੌਸਮ ਵਿਭਾਗ ਨੇ ਪਿਛਲੇ ਦੋ ਦਿਨਾਂ ਦੌਰਾਨ ਪੰਜਾਬ ਵਿੱਚ ਲੂ ਚੱਲਣ ਦੀ ਕੋਈ ਰਿਪੋਰਟ ਨਹੀਂ ਦਿੱਤੀ ਹੈ, ਜਦੋਂ ਕਿ ਹਰਿਆਣਾ ਦੇ ਸਿਰਸਾ ਅਤੇ ਰੋਹਤਕ ਵਿੱਚ ਲੂ ਚੱਲੀ, ਜਿੱਥੇ ਤਾਪਮਾਨ 46.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਦਿਨ ਦਾ ਤਾਪਮਾਨ ਆਮ ਰਿਹਾ, ਪਰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਇਹ ਆਮ ਨਾਲੋਂ ਵੱਧ ਰਿਹਾ।

