ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) ਅਨੁਸਾਰ ਦਿੱਲੀ ਵਿੱਚ ਮੰਗਲਵਾਰ ਨੂੰ ਵੀ ਹਲਕੀ ਬਾਰਿਸ਼ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਥਿਤੀ ਨੂੰ ਦੇਖਦਿਆਂ ਰਾਜਧਾਨੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ ਵਿੱਚ ਦਿਨ ਵੇਲੇ ਦੋ ਵਾਰ ਮੀਂਹ ਪਿਆ। ਪਹਿਲੀ ਵਾਰ ਸਵੇਰ ਤੋਂ ਦੁਪਹਿਰ ਦੇ ਵਿਚਕਾਰ ਬਾਰਿਸ਼ ਹੋਈ ਅਤੇ ਦੂਜੀ ਵਾਰ ਦੁਪਹਿਰ ਤੋਂ ਬਾਅਦ ਸ਼ਾਮ ਵੇਲੇ ਬੱਦਲ ਵਰ੍ਹੇ। ਇਸ ਦੌਰਾਨ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਮੰਗਲਵਾਰ ਲਈ ਹਾਲਾਂਕਿ ਕੋਈ ਵਿਸ਼ੇਸ਼ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ, ਪਰ ਉਮੀਦ ਜਤਾਈ ਗਈ ਹੈ ਕਿ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ।
ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੱਦਲਵਾਈ ਅਤੇ ਬਾਰਿਸ਼ ਕਾਰਨ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32-34 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੰਗਲਵਾਰ ਨੂੰ ਇਹ ਪਾਰਾ ਹੋਰ ਡਿੱਗ ਕੇ 31-33 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 24.6 ਡਿਗਰੀ ਸੈਲਸੀਅਸ ਸੀ, ਜੋ ਕਿ ਸੋਮਵਾਰ ਅਤੇ ਮੰਗਲਵਾਰ ਨੂੰ 22 ਤੋਂ 25 ਡਿਗਰੀ ਸੈਲਸੀਅਸ ਦੇ ਦਰਮਿਆਨ ਬਣਿਆ ਰਹਿ ਸਕਦਾ ਹੈ। ਐੱਨ ਸੀ ਆਰ ਦੇ ਸ਼ਹਿਰਾਂ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ ਅਤੇ ਗਾਜ਼ੀਆਬਾਦ ਵਿੱਚ ਵੀ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ।
ਖ਼ਰਾਬ ਮੌਸਮ ਕਾਰਨ 29 ਉਡਾਣਾਂ ਪ੍ਰਭਾਵਿਤ
ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਰਾਤ ਭਰ ਖ਼ਰਾਬ ਮੌਸਮ ਕਾਰਨ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੇਜ਼ ਹਵਾਵਾਂ, ਗਰਜ ਅਤੇ ਭਾਰੀ ਬਾਰਿਸ਼ ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਕੁੱਲ 29 ਉਡਾਣਾਂ ਪ੍ਰਭਾਵਿਤ ਹੋਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਖ਼ਰਾਬ ਮੌਸਮ ਕਾਰਨ 6 ਅੰਤਰਰਾਸ਼ਟਰੀ ਅਤੇ 23 ਘਰੇਲੂ ਉਡਾਣਾਂ ਨੂੰ ਆਪਣੇ ਮਿੱਥੇ ਮਾਰਗ ਤੋਂ ਬਦਲਣਾ ਪਿਆ। ਇਨ੍ਹਾਂ ਵਿੱਚੋਂ 8 ਉਡਾਣਾਂ ਨੂੰ ਲਖਨਊ, 3 ਨੂੰ ਜੈਪੁਰ ਅਤੇ ਇੱਕ ਉਡਾਣ ਨੂੰ ਅੰਮ੍ਰਿਤਸਰ ਵੱਲ ਮੋੜਿਆ ਗਿਆ। ਭਾਵੇਂ ਸਵੇਰ ਤੱਕ 17 ਉਡਾਣਾਂ ਦਿੱਲੀ ਪਰਤ ਆਈਆਂ ਸਨ, ਪਰ 12 ਉਡਾਣਾਂ ਦੇਰੀ ਕਾਰਨ ਸਮੇਂ ਸਿਰ ਮੰਜ਼ਿਲ ’ਤੇ ਨਹੀਂ ਪਹੁੰਚ ਸਕੀਆਂ। ਹਵਾਈ ਅੱਡੇ ’ਤੇ ਉਤਰਨ ਅਤੇ ਉਡਾਨ ਭਰਨ ਦੀ ਸਮਰੱਥਾ ਘਟਣ ਕਾਰਨ ਹਜ਼ਾਰਾਂ ਮੁਸਾਫ਼ਰਾਂ ਨੂੰ ਖੱਜਲ-ਖੁਆਰ ਹੋਣਾ ਪਿਆ।

