ਪ੍ਰਭੂ ਦਿਆਲ
ਸਿਰਸਾ, 10 ਸਤੰਬਰ
ਇੰਡੀਅਨ ਨੈਸ਼ਨਲ ਲੋਕ ਦਲ ਦੇ ਜਨਰਲ ਸਕੱਤਰ ਅਤੇ ਏਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 25 ਸਤੰਬਰ ਨੂੰ ਤਾਊ ਦੇਵੀ ਲਾਲ ਜੈਅੰਤੀ ਦੇ ਮੌਕੇ ਕੈਥਲ ’ਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਹ ਰੈਲੀ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਆਗਾਜ਼ ਹੋਵੇਗਾ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਇਨੈਲੋ ਵਰਕਰਾਂ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹ ਅੱਜ ਇੱਥੇ ਡੱਬਵਾਲੀ ਰੋਡ ਸਥਿਤ ਮਹਾਰਾਜ ਪੈਲੇਸ ’ਚ ਇਨੈਲੋ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਅਭੈ ਚੌਟਾਲਾ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਰੈਲੀ ਵਿੱਚ ਦੇਸ਼ ਦੀਆਂ ਵੱਖ-ਵੱਖ 14 ਰਾਜਸੀ ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਸੱਤਾ ਤਬਦੀਲੀ ਸ਼ੁਰੂ ਹੁੰਦੀ ਹੈ ਤਾਂ ਇਸ ਦੀ ਸ਼ੁਰੂਆਤ ਹਰਿਆਣਾ ਤੋਂ ਹੁੰਦੀ ਹੈ ਅਤੇ ਇਸ ਵਾਰ ਵੀ ਹਰਿਆਣਾ ਤੋਂ ਹੀ ਸ਼ੁਰੂ ਹੋਵੇਗੀ। ਇਸ ਦੌਰਾਨ ਇਨੈਲੋ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਉਹ ਲੋਕ ਮਾਰੂ ਨੀਤੀਆਂ ਬਣਾਉਣ ਵਾਲੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਇਕੱਜੁਟ ਹੋਣ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਕਰਨ ਸਿੰਘ ਚੌਟਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਐਮਐਲਏ ਸੀਤਾ ਰਾਮ, ਇਨੈਲੋ ਦੇ ਮਹਿਲਾ ਸੈੱਲ ਦੀ ਪ੍ਰਧਾਨ ਸੁਨੈਨਾ ਚੌਟਾਲਾ, ਇਨੈਲੋ ਮਹਿਲਾ ਸੂਬਾ ਪ੍ਰਧਾਨ ਸੁਮਿੱਤਰਾ ਦੇਵੀ, ਵਿਨੋਦ ਅਰੋੜਾ, ਜਸਵਿੰਦਰ ਬਿੰਦੂ, ਗੁਰਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਜੱਸਾ, ਅਭੈ ਸਿੰਘ ਖੋਡ, ਕ੍ਰਿਸ਼ਨਾ ਫੌਗਾਟ, ਮਹਾਂਵੀਰ ਸ਼ਰਮਾ, ਪ੍ਰਦੀਪ ਮਹਿਤਾ ਐਡਵੋਕੇਟ, ਗੁਰਦਿਆਲ ਮਹਿਤਾ, ਸੰਦੀਪ ਚੌਧਰੀ ਸਮੇਤ ਕਈ ਇਨੈਲੋ ਆਗੂ ਤੇ ਵਰਕਰ ਮੌਜੂਦ ਸਨ।