ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਸੈਣੀ
ਬਾਬੈਨ ਅਨਾਜ ਮੰਡੀ ’ਚ ਸਰ੍ਹੋਂ ਦੀ ਸਰਕਾਰੀ ਖ਼ਰੀਦ ਸ਼ੁਰੂ; ਅਧਿਕਾਰੀਆਂ ਨੂੰ ਪ੍ਰਬੰਧ ਸੁਚਾਰੂ ਬਣਾੳੁਣ ਦੇ ਨਿਰਦੇਸ਼
ਬਾਬੈਨ ਅਨਾਜ ਮੰਡੀ ਵਿਚ ਅੱਜ ਸਰ੍ਹੋਂ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਦੇ ਨੁਮਾਇੰਦੇ ਕੈਲਾਸ਼ ਸੈਣੀ ਖ਼ਰੀਦ ਪ੍ਰਕਿਰਿਆ ਸ਼ੁਰੂ ਕਰਨ ਲਈ ਮੰਡੀ ਪਹੁੰਚੇ। ਉਨ੍ਹਾਂ ਖ਼ਰੀਦ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।
ਸ੍ਰੀ ਸੈਣੀ ਨੇ ਕਿਹਾ ਕਿ ਸਰਕਾਰ ਨੇ ਫ਼ਸਲ ਖ਼ਰੀਦ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ, ਯੋਜਨਾਬੱਧ ਅਤੇ ਕਿਸਾਨ ਅਨੁਕੂਲ ਬਣਾਉਣ ਲਈ ਵੱਖ-ਵੱਖ ਆਨਲਾਈਨ ਪੋਰਟਲਾਂ ਵਿੱਚ ਮਹੱਤਵਪੂਰਨ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਕਿਸਾਨਾਂ ਨੂੰ ਅਸੁਵਿਧਾ ਤੋਂ ਬਚਾਉਣਾ ਤੇ ਸੁਚਾਰੂ ਖ਼ਰੀਦ ਕਾਰਜਾਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਹੁਣ ਸਾਰੇ ਕਿਸਾਨਾਂ ਲਈ ਇਹ ਲਾਜ਼ਮੀ ਹੋ ਗਿਆ ਹੈ ਕਿ ਉਹ ਆਪਣੀ ਫ਼ਸਲ ਮੰਡੀ ਵਿੱਚ ਲਿਆਉਣ ਵਾਲੇ ਵਾਹਨ ਦਾ ਨੰਬਰ ਸਪਸ਼ਟ ਦਿਖਾਉਣ। ਇਸ ਨਾਲ ਮੰਡੀ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਪਛਾਣ ਤੇ ਨਿਗਰਾਨੀ ਵਿੱਚ ਸਹੂਲਤ ਮਿਲੇਗੀ। ਇਸ ਸਾਲ ਸੂਬੇ ਦੀਆਂ ਸਾਰੀਆਂ ਮੰਡੀਆਂ ਨੂੰ ਜੀ ਓ ਫੈਸਿੰਗ ਤਕਨਾਲੋਜੀ ਨਾਲ ਜੋੜਿਆ ਗਿਆ ਹੈ। ਇਸ ਨਾਲ ਮੰਡੀ ਖੇਤਰ ਦੇ ਅੰਦਰ ਗਤੀਵਿਧੀਆਂ ਦੀ ਸਹੀ ਨਿਗਰਾਨੀ ਕੀਤੀ ਜਾ ਸਕਦੀ ਹੈ। ਕਿਸਾਨਾਂ ਦੀਆਂ ਫ਼ਸਲਾਂ ਦੀ ਆਮਦ ਨੂੰ ਸੁਚਾਰੂ ਬਣਾਉਣ ਲਈ ਸਾਰੇ ਗੇਟਪਾਸ ਹੁਣ ਈ ਖ਼ਰੀਦ ਮੋਬਾਈਲ ਐਪ ਰਾਹੀਂ ਜਾਰੀ ਕੀਤੇ ਜਾਣਗੇ। ਇਸ ਨਾਲ ਪ੍ਰਕਿਰਿਆ ਵਿੱਚ ਪਾਰਦਸ਼ਤਾ ਵਧੇਗੀ ਤੇ ਸਮਾਂ ਵੀ ਬਚੇਗਾ।
ਕੈਲਾਸ਼ ਸੈਣੀ ਨੇ ਮੰਡੀ ਵਿਚ ਆਉਣ ਵਾਲੀ ਸਰਕਾਰੀ ਕਣਕ ਦੀ ਖ਼ਰੀਦ ਲਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਮੰਡੀ ਪ੍ਰਧਾਨ ਜਗਦੀਸ਼ ਢੀਂਗਰਾ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਜੱਸੀ, ਮਾਰਕੀਟ ਕਮੇਟੀ ਸਕੱਤਰ ਗੁਰਮੀਤ ਸੈਣੀ, ਪਵਨ ਸਿੰਗਲਾ, ਹਰੀਕੇਸ਼ ਸੈਣੀ, ਕ੍ਰਿਸ਼ਨ ਸੈਣੀ, ਬਲਦੇਵ ਸੈਣੀ, ਮੋਹਨ ਚੁੱਘ, ਆਦਿਤਿਆ ਚੌਧਰੀ ਭਾਰਤ, ਸਤਪਾਲ ਤੇ ਹੋਰ ਕਿਸਾਨ ਮੌਜੂਦ ਸਨ।
ਅਟਲ ਕੰਟੀਨਾਂ ਵਿੱਚ ਪੌਸ਼ਟਿਕ ਭੋਜਨ ਮਿਲੇਗਾ: ਮੀਣਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਅਟਲ ਕਿਸਾਨ ਕੰਟੀਨਾਂ ’ਤੇ ਵਧੀਆ ਗੁਣਵੱਤਾ ਵਾਲਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਕੰਟੀਨਾਂ ’ਤੇ ਭੋਜਨ ਬਣਾਉਣ ਲਈ ਕੋਈ ਦਿੱਕਤ ਨਾ ਆਵੇ, ਇਸ ਲਈ ਡੀ ਐੱਫ ਐੱਸ ਸੀ ਨੂੰ ਗੈਸ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਵਾਰ ਢੋਆ-ਢੁਆਈ ਵਿੱਚ ਲੱਗੇ ਵਾਹਨਾਂ ਦੀ ਟਰੈਕਿੰਗ ਜੀ ਪੀ ਐੱਸ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਮੱਸਿਆਵਾਂ ਦਾ ਹੱਲ ਕਰਨ ਲਈ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮ ਤਾਇਨਾਤ ਰਹੇਗੀ।
ਡਿਪਟੀ ਕਮਿਸ਼ਨਰ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਖ਼ਰੀਦ ਏਜੰਸੀਆਂ, ਢੋਆ-ਢੁਆਈ ਏਜੰਸੀ ਦੇ ਅਧਿਕਾਰੀਆਂ, ਵਪਾਰੀਆਂ ਅਤੇ ਆੜ੍ਹਤੀਆਂ ਨਾਲ ਸਮੱਸਿਆਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਨੇ ਖ਼ਰੀਦ ਕਾਰਜ ਵਿੱਚ ਨਵੀਨਤਾ ਨੂੰ ਸ਼ਾਮਲ ਕੀਤਾ ਹੈ। ਇਸ ਪ੍ਰਕਿਰਿਆ ਵਿੱਚ ਕਿਸਾਨ ਆਪਣੇ ਮੋਬਾਈਲ ’ਤੇ ਐਪ ਰਾਹੀਂ ਗੇਟਪਾਸ ਬਣਾ ਸਕਣਗੇ।
ਇਸ ਤੋਂ ਬਾਅਦ ਕਿਸਾਨਾਂ ਨੂੰ ਆਪਣਾ ਬਾਇਓਮੈਟ੍ਰਿਕਸ ਕਰਾਉਣਾ ਪਵੇਗਾ। ਅਨਾਜ ਮੰਡੀ ਵਿੱਚ ਲਗਾਏ ਬਾਇਓਮੈਟ੍ਰਿਕ ਸਕੈਨ ਹੋਣ ਤੋਂ ਬਾਅਦ ਹੀ ਕਿਸਾਨਾਂ ਦੀ ਫ਼ਸਲ ਦਾ ਡੇਟਾ ਖ਼ਰੀਦ ਕੇਂਦਰ ’ਤੇ ਉਪਲਭਦ ਹੋਵੇਗਾ। ਕਿਸੇ ਵੀ ਸਮੱਸਿਆ ਦੇ ਹੱਲ ਲਈ ਤੇ ਕਿਸਾਨਾਂ ਦੀ ਮਦਦ ਲਈ ਅਧਿਕਾਰੀਆਂ ਦੀ ਟੀਮ ਮੌਜੂਦ ਰਹੇਗੀ। ਅਨਾਜ ਮੰਡੀਆਂ ਵਿੱਚ ਪਖਾਨਿਆਂ, ਸਫ਼ਾਈ, ਬਾਇਓਮੈਟ੍ਰਿਕਸ ਤੇ ਚੁਕਾਈ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਨੇ ਇਸ ਵਾਰ ਚੁਕਾਈ ਸਬੰਧੀ ਦਿੱਕਤਾਂ ਦੂਰ ਕਰਨ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ। ਡੀ ਸੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਅਨਸੁਾਰ 12 ਫ਼ੀਸਦੀ ਤੋਂ ਘੱਟ ਨਮੀ ਵਾਲੀ ਕਣਕ ਦੀ ਖ਼ਰੀਦ ਕੀਤੀ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸਾਫ਼ ਤੇ ਸੁਕਾ ਕੇ ਹੀ ਮੰਡੀ ਲਿਆਉਣ। ਅਨਾਜ ਮੰਡੀ ਅਤੇ ਸੜਕਾਂ ’ਤੇ ਆਵਾਜਾਈ ਜਾਮ ਰੋਕਣ ਸਣੇ ਹੋਰ ਪ੍ਰਬੰਧ ਕੀਤੇ ਜਾਣਗੇ।

