DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਨੂੰ ਸੂਰਜਮੁਖੀ ਵੇਚਣ ’ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਰਾਠੀ

ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਸੂਰਜਮੁਖੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਾਉਂਦੇ ਹੋਏ ਐੱਸ ਡੀ ਐੱਮ ਸ਼ੰਭੂ ਰਾਠੀ।
Advertisement

ਐੱਸ ਡੀ ਐੱਮ ਸ਼ੰਭੂ ਰਾਠੀ ਨੇ ਕਿਹਾ ਹੈ ਕਿ ਅਨਾਜ ਮੰਡੀ ਸ਼ਾਹਬਾਦ ਵਿੱਚ ਸੂਰਜਮੁਖੀ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਹੈ। ਖ਼ਰੀਦ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਪ੍ਰਸ਼ਾਸਨ ਸੂਰਜਮੁਖੀ ਦੀ ਖ਼ਰੀਦ ਪ੍ਰਕਿਰਿਆ ਵਿੱਚ ਕਿਸਾਨਾਂ, ਵਪਾਰੀਆਂ ਤੇ ਕਮਿਸ਼ਨ ਏਜੰਟਾਂ ਨੂੰ ਹਰ ਸਹੂਲਤ ਪ੍ਰਦਾਨ ਕਰੇਗਾ। ਐੱਸ ਡੀ ਐੱਮ ਸ਼ੰਭੂ ਰਾਠੀ ਨੇ ਅਨਾਜ ਮੰਡੀ ਸ਼ਾਹਬਾਦ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਸਾਨ ਯੂਨੀਅਨ, ਕਿਸਾਨਾਂ, ਕਮਿਸ਼ਨ ਏਜੰਟਾਂ ਤੇ ਵਪਾਰੀਆਂ ਨਾਲ ਗੱਲਬਾਤ ਕੀਤੀ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਮਤਭੇਦ ਦੂਰ ਕੀਤੇ ਗਏ ਤੇ ਫ਼ਸਲ ਖ਼ਰੀਦ ਪ੍ਰਕਿਰਿਆ ਸ਼ੁਰੂ ਕੀਤੀ ਗਈ।

ਸ੍ਰੀ ਰਾਠੀ ਨੇ ਕਿਹਾ ਕਿ ਸਰਕਾਰ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਖ਼ਰੀਦ ਲਈ ਸਾਰੀਆਂ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਕਿਸਾਨ ਆਪਣੀਆਂ ਫ਼ਸਲਾਂ ਦੇ ਸਾਰੇ ਵੇਰਵੇ ਮੇਰੀ ਫ਼ਸਲ ਮੇਰਾ ਬਿਓਰਾ ਪੋਰਟਲ ’ਤੇ ਸਮੇਂ ਸਿਰ ਅਪਲੋਡ ਕਰ ਸਕਦੇ ਹਨ। ਪੋਰਟਲ ’ਤੇ ਰਜਿਸਟਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਦਾ ਲਾਭ ਮਿਲਦਾ ਹੈ। ਸ਼ਾਹਬਾਦ ਅਨਾਜ ਮੰਡੀ ਵਿੱਚ ਫ਼ਸਲ ਖ਼ਰੀਦ ਲਈ ਸਾਰੇ ਢੁਕਵੇਂ ਪ੍ਰਬੰਧ ਕੀਤੇ ਹਨ। ਪ੍ਰਸ਼ਾਸ਼ਨ ਦੇ ਧਿਆਨ ਵਿੱਚ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਅਤੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਖ਼ਰੀਦ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ। ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਨੂੰ ਸੂਚਿਤ ਕਰਨ ਤਾਂ ਜੋ ਉਸ ਦਾ ਹੱਲ ਕੱਢਿਆ ਜਾ ਸਕੇ।

Advertisement

ਜ਼ਿਕਰਯੋਗ ਹੈ ਕਿ ਮੰਡੀ ਵਿੱਚ ਖ਼ਰੀਦ ਸ਼ੁਰੂ ਨਾ ਹੋਣ ਕਰ ਕੇ ਪਿਛਲੇ ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ ਤੇ ਪ੍ਰਸ਼ਾਸਕੀ ਵਿਵਾਦ ਵੀ ਚੱਲਦਾ ਰਿਹਾ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਗਵਾਈ ਵਿੱਚ ਦਰਜਨਾਂ ਕਿਸਾਨਾਂ ਨੇ ਕੱਲ੍ਹ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਧਰਨਾ ਦਿੱਤਾ ਅਤੇ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਮੰਗ ਕੀਤੀ। ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਬੈਂਸ ਨੇ ਦੋਸ਼ ਲਗਾਇਆ ਕਿ 25 ਮਈ ਨੂੰ ਸਰਕਾਰੀ ਖ਼ਰੀਦ ਦਾ ਐਲਾਨ ਹੋਣ ਦੇ ਬਾਵਜੂਦ ਮੰਡੀ ਵਿੱਚ ਖ਼ਰੀਦ ਸ਼ੁਰੂ ਨਹੀਂ ਹੋਈ। ਇਸ ਤੋਂ ਰੋਹ ਵਿੱਚ ਆਏ ਕਿਸਾਨ ਲਾਡਵਾ ਰੋਡ ਜਾਮ ਕਰਨ ਲਈ ਚੱਲ ਪਏ। ਭਿਆਨਕ ਗਰਮੀ ਦੇ ਬਾਵਜੂਦ ਕਿਸਾਨ ਮੰਡੀ ਚੌਕ ਨੇੜੇ ਕਈ ਘੰਟੇ ਧਰਨੇ ’ਤੇ ਬੈਠੇ ਰਹੇ ਅਤੇ ਉੱਥੇ ਬੈਠ ਕੇ ਹੀ ਲੰਗਰ ਛਕਿਆ। ਸਥਿਤੀ ਵਿਗੜਦੀ ਦੇਖ ਕੇ ਐੱਸ ਡੀ ਐੱਮ ਸ਼ੰਭੂ ਰਾਠੀ, ਜ਼ੋਨਲ ਮਾਰਕੀਟਿੰਗ ਅਧਿਕਾਰੀ ਰਾਮ ਮੇਹਰ, ਮੰਡੀ ਚੇਅਰਮੈਨ ਕਰਣਰਾਜ ਸਿੰਘ ਤੂਰ, ਹੈਫੇਡ ਮੈਨੇਜਰ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਮਲਿਕ ਦੇ ਦਖ਼ਲ ਤੋਂ ਬਾਅਦ ਪੀ ਐੱਸ ਐੱਸ ਅਧੀਨ ਸਰਕਾਰੀ ਖ਼ਰੀਦ ਸ਼ੁਰੂ ਹੋਈ।

Advertisement

Advertisement
×