ਕੁਲਵਿੰਦਰ ਕੌਰ
ਫਰੀਦਾਬਾਦ, 26 ਦਸੰਬਰ
ਫਰੀਦਾਬਾਦ ਲਘੂ ਉਦਯੋਗ ਸੰਘ ਦੀ 43ਵੀਂ ਸਾਲਾਨਾ ਮੀਟਿੰਗ ਦੌਰਾਨ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਪੰਡਿਤ ਮੂਲ ਚੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਚੰਗੇ ਉਪਰਾਲੇ ਕੀਤੇ ਹਨ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰ ਫਰੀਦਾਬਾਦ ਉਦਯੋਗਿਕ ਸ਼ਹਿਰ ਨੂੰ ਕਰੀਬ 127 ਕਰੋੜ ਦੀ ਲਾਗਤ ਨਾਲ ਵਿਕਸਤ ਕਰੇਗੀ, ਜਿਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਜਰ ਦੀ ਰਹਿਨੁਮਾਈ ਹੇਠ ਸਾਰੇ ਵਿਧਾਇਕ ਸ਼ਹਿਰ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਭਾਜਪਾ ਉਦਯੋਗਪਤੀਆਂ ਨੂੰ ਲੁੱਟਣ ਵਾਲੀ ਸਰਕਾਰ ਨਹੀਂ ਹੈ, ਸਗੋਂ ਉਦਯੋਗਾਂ ਦਾ ਵਿਕਾਸ ਕਰਨ ਵਾਲੀ ਸਰਕਾਰ ਹੈ। ਮੰਤਰੀ ਨੇ ਕਿਹਾ ਕਿ ਸਨਅਤੀ ਸ਼ਹਿਰ ਵਿੱਚ ਜਲਦੀ ਹੀ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰੀਦਾਬਾਦ ਇੰਡਸਟਰੀ ਦਾ ਨਾਂ ਇਕ ਵਾਰ ਫਿਰ ਵਿਸ਼ਵ ਪੱਧਰ ’ਤੇ ਸਥਾਪਤ ਹੋਣ ਜਾ ਰਿਹਾ ਹੈ। ਫਰੀਦਾਬਾਦ ਤੋਂ ਲੰਘਦਾ ਨੈਸ਼ਨਲ ਹਾਈਵੇਅ ਬਣਨ ਨਾਲ ਇੱਥੋਂ ਦੇ ਉਦਯੋਗਾਂ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਪ੍ਰੋਗਰਾਮ ਵਿੱਚ ਤਿਗਾਂਵ ਦੇ ਵਿਧਾਇਕ ਰਾਜੇਸ਼ ਨਾਗਰ, ਪ੍ਰਧਾਨ ਐਸ ਤਿਆਗੀ, ਬੀਆਰ ਭਾਟੀਆ ਸਮੇਤ ਸ਼ਹਿਰ ਦੇ ਉੱਘੇ ਉਦਯੋਗਪਤੀ ਮੌਜੂਦ ਸਨ।