ਮੀਂਹ ਕਾਰਨ ਯਮੁਨਾਨਗਰ ਤੇ ਜਗਾਧਰੀ ’ਚ ਜਲ-ਥਲ
ਖੇਤਰ ਵਿੱਚ ਭਰਵੇਂ ਮੀਂਹ ਨੇ ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਪੈਣ ਤੋਂ ਬਾਅਦ ਯਮੁਨਾਨਗਰ ਅਤੇ ਜਗਾਧਰੀ ਦੇ ਕਈ ਇਲਾਕਿਆਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ...
ਖੇਤਰ ਵਿੱਚ ਭਰਵੇਂ ਮੀਂਹ ਨੇ ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਪੈਣ ਤੋਂ ਬਾਅਦ ਯਮੁਨਾਨਗਰ ਅਤੇ ਜਗਾਧਰੀ ਦੇ ਕਈ ਇਲਾਕਿਆਂ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਵਿੱਚ ਡੁੱਬਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਣਾ ਪਿਆ, ਜਦਕਿ ਕਈ ਕਲੋਨੀਆਂ ਵਿੱਚ ਘਰਾਂ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਜਗਾਧਰੀ ਦੇ ਗਣੇਸ਼ ਨਗਰ, ਜਗਾਧਰੀ ਬੱਸ ਸਟੈਂਡ, ਮਟਕਾ ਚੌਕ, ਸਸੌਲੀ ਰੋਡ, ਪ੍ਰੋਫੈਸਰ ਕਲੋਨੀ, ਤਾਓ ਦੇਵੀ ਲਾਲ ਕੰਪਲੈਕਸ ਮਾਰਕੀਟ ਅਤੇ ਤੇਜਲੀ ਸਥਿਤ ਇੰਦਰਾਵਾਸ ਕਲੋਨੀ ਵਰਗੇ ਇਲਾਕਿਆਂ ਵਿੱਚ ਹਾਲਾਤ ਬਹੁਤ ਮਾੜੇ ਸਨ। ਸਭ ਤੋਂ ਗੰਭੀਰ ਸਥਿਤੀ ਜਗਾਧਰੀ ਦੇ ਮਟਕਾ ਚੌਕ ’ਤੇ ਸੀ, ਜਿੱਥੇ ਪਾਣੀ ਦਾ ਪੱਧਰ ਲਗਭਗ ਤਿੰਨ ਫੁੱਟ ਤੱਕ ਪਹੁੰਚ ਗਿਆ ਸੀ। ਇਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਹੋਈਆਂ, ਪਾਣੀ ਵਿੱਚ ਕਈ ਦੋ-ਪਹੀਆ ਵਾਹਨ ਬੰਦ ਹੋ ਗਏ। ਜਗਾਧਰੀ ਦੀ ਮੁੱਖ ਮਾਰਕੀਟ ਵਿੱਚ ਵੀ ਅਜਿਹੀ ਹੀ ਸਥਿਤੀ ਦੇਖਣ ਨੂੰ ਮਿਲੀ, ਜਿੱਥੇ ਕੁਝ ਦੁਕਾਨਾਂ ਅਤੇ ਘਰਾਂ ਵਿੱਚ ਪਾਣੀ ਵੜਨ ਦੀਆਂ ਖਬਰਾਂ ਸਾਹਮਣੇ ਆਈਆਂ। ਯਮੁਨਾਨਗਰ ਵਿੱਚ ਪ੍ਰੋਫੈਸਰ ਕਲੋਨੀ ਨੂੰ ਜਾਣ ਵਾਲੀ ਸੜਕ ’ਤੇ ਵੀ ਭਾਰੀ ਪਾਣੀ ਭਰ ਗਿਆ। ਹਾਦਸਿਆਂ ਨੂੰ ਰੋਕਣ ਲਈ ਇਹ ਰਸਤਾ ਬੰਦ ਕਰ ਦਿੱਤਾ ਗਿਆ ਸੀ। ਕਈ ਹੋਰ ਇਲਾਕਿਆਂ ਦੀਆਂ ਸੜਕਾਂ ਅਤੇ ਗਲੀਆਂ ਛੱਪੜਾਂ ਵਰਗੀਆਂ ਲੱਗ ਰਹੀਆਂ ਸਨ। ਪ੍ਰਭਾਵਿਤ ਵਸਨੀਕਾਂ ਸੁਰਿੰਦਰ, ਰਮੇਸ਼, ਬੰਤੋ, ਅਮਰੀਸ਼ ਅਤੇ ਗੁਰਵਿੰਦਰ ਕੌਰ ਨੇ ਦੱਸਿਆ ਕਿ ਇਹ ਸਮੱਸਿਆ ਹਰ ਮੌਨਸੂਨ ਦੌਰਾਨ ਪੇਸ਼ ਆਉਂਦੀ ਹੈ, ਥੋੜ੍ਹੀ ਜਿਹਾ ਮੀਂਹ ਵੀ ਕਲੋਨੀ ਨੂੰ ਛੱਪੜ ਵਿੱਚ ਬਦਲ ਦਿੰਦੀ ਹੈ। ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਨਗਰ ਨਿਗਮ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਹੱਲ ਕਰਨ ਵਿੱਚ ਅਸਫਲ ਰਿਹਾ ਹੈ।
ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਲੀਆਂ ਦੀ ਨਿਯਮਤ ਸਫਾਈ ਯਕੀਨੀ ਬਣਾਈ ਜਾਵੇ ਅਤੇ ਜਲ-ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮਾਨਸੂਨ ਦੇ ਮੌਸਮ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।

