ਐੱਚ ਪੀ ਐੱਸ ਸੀ ਦਫ਼ਤਰ ਘੇਰਨ ਜਾਂਦੇ ਕਾਂਗਰਸੀਆਂ ’ਤੇ ਪਾਣੀ ਦੀਆਂ ਬੁਛਾੜਾਂ
ਕੲੀ ਕਾਂਗਰਸੀ ਆਗੂ ਜ਼ਖ਼ਮੀ, ਪੁਲੀਸ ਨੇ ਸੰਸਦ ਮੈਂਬਰ ਹੁੱਡਾ ਅਤੇ ਮੁਲਾਣਾ ਹਿਰਾਸਤ ਵਿੱਚ ਲਏ
ਪੀ ਪੀ ਵਰਮਾ
ਇਥੇ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦਾ ਮੁੱਖ ਦਫਤਰ ਘੇਰਨ ਜਾ ਰਹੇ ਯੂਥ ਕਾਂਗਰਸ ਦੇ ਵਰਕਰਾਂ ‘ਤੇ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਵਿਰੋਧ ਵਿੱਚ ਰੋਹਤਕ ਤੋਂ ਕਾਂਗਰਸ ਸੰਸਦ ਮੈਂਬਰ ਦੀਪਿੰਦਰ ਹੁੱਡਾ, ਅੰਬਾਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਵਰੁਣ ਮੁਲਾਣਾ ਅਤੇ ਯੂਥ ਕਾਂਗਰਸ ਪ੍ਰਧਾਨ ਨਿਸ਼ਿਤ ਕਟਾਰੀਆ ਬੈਰੀਕੇਡਾਂ ’ਤੇ ਚੜ੍ਹ ਗਏ।
ਪਾਣੀ ਦੀਆਂ ਬੁਛਾੜਾਂ ਇੰਨੀਆਂ ਤੇਜ਼ ਸਨ ਕਿ ਕਈ ਨੌਜਵਾਨਾਂ ਨੂੰ ਇਸ ਨਾਲ ਸੱਟਾਂ ਵੀ ਲੱਗੀਆਂ। ਬਾਅਦ ਵਿੱਚ ਪੁਲੀਸ ਨੇ ਦੀਪਿੰਦਰ ਹੁੱਡਾ, ਵਰੁਣ ਮੁਲਾਣਾ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੰਚਕੂਲਾ ਪੁਲੀਸ ਨੇ ਵੱਡੇ ਪੱਧਰ ’ਤੇ ਬੈਰੀਕੇਡਿੰਗ ਕੀਤੀ ਗਈ। ਯੂਥ ਕਾਂਗਰਸ ਵੱਲੋਂ ਇਹ ਪ੍ਰਦਰਸ਼ਨ ਸਿੱਖਿਆ ਵਿਭਾਗ ਵਿੱਚ ਹੋ ਰਹੀਆਂ ਬੇਨਿਯਮੀਆਂ ਵਿਰੁੱਧ ਕੀਤਾ ਗਿਆ। ਪੰਚਕੂਲਾ ਦੇ ਸੈਕਟਰ 5 ਪਰੇਡ ਗਰਾਊਂਡ ਵਿੱਚ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵਿਰੁੱਧ ਵਿਰੋਧ ਪ੍ਰਦਰਸ਼ਨ ਲਗਪਗ 50 ਦਿਨਾਂ ਤੋਂ ਜਾਰੀ ਹੈ। ਕਾਂਗਰਸੀ ਆਗੂ ਅਤੇ ਨੌਜਵਾਨ ਇਨ੍ਹਾਂ ਬੈਰੀਕੇਡਿੰਗ ਨੂੰ ਪਾਰ ਕਰਨ ਲਈ ਇਨ੍ਹਾਂ ’ਤੇ ਚੜ੍ਹ ਗਏ, ਜਿਸ ਮਗਰੋਂ ਪੁਲੀਸ ਨੇ ਇਨ੍ਹਾਂ ’ਤੇ ਜਲ ਤੋਪਾਂ ਦੀ ਮਦਦ
ਨਾਲ ਬੁਛਾੜਾਂ ਮਾਰਨੀਆਂ ਸ਼ੁਰੂ
ਕਰ ਦਿੱਤੀਆਂ।

