ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਸਤੰਬਰ
ਸੂਬੇ ਦੇ ਸਰਕਾਰੀ ਸਕੂਲਾਂ ਦੇ 11ਵੀਂ ਵਿਚ ਪੜ੍ਹ ਰਹੇ ਸਾਇੰਸ ਫੈਕਲਟੀ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਵੱਲੋਂ ਪੰਜ ਰੋਜ਼ਾ ਵਿਦਿਅਕ ਟੂਰ ਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਜੀਂਦ ਜ਼ਿਲ੍ਹੇ ਦੀ ਟੀਮ ਡੀਐੱਸਐੱਸ ਰਣਧੀਰ ਲੋਹਾਨ ਦੀ ਅਗਵਾਈ ਹੇਠ ਵਿਦਿਅਕ ਟੂਰ ਲਈ ਕੁਰੂਕਸ਼ੇਤਰ ਪੁੱਜੀ। ਉਨ੍ਹਾਂ ਦਾ ਇਥੇ ਪੁੱਜਣ ’ਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨਾ ਅਜਾਇਬ ਘਰ ਤੇ ਪੈਨੋਰਮਾ ਵਿਗਿਆਨ ਕੇਂਦਰ ਦਾ ਦੌਰਾ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ ਰੋਹਤਾਸ਼ ਵਰਮਾ ਨੇ ਦੱਸਿਆ ਕਿ ਅਜਾਇਬ ਘਰ ਵਿਚ ਵਿਦਿਆਰਥੀਆਂ ਨੇ ਪੁਰਾਤਨ ਮੂਰਤੀਆਂ, ਨਕਾਸ਼ੀ, ਚਿੱਤਰਕਾਰੀ, ਹਾਥੀ ਦੰਦ ਦੀਆਂ ਬਣੀਆਂ ਵਸਤੂਆਂ, ਅਸਥਾਈ ਅਵਾਜ਼ਾਂ ਤੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਕੁਰੂਕਸ਼ੇਤਰ ਪੈਨੋਰਮਾ ਤੇ ਸਾਇੰਸ ਸੈਂਟਰ ਵਿਚ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਦੀ ਧਰਤੀ ’ਤੇ ਲੜੇ ਮਹਾਭਾਰਤ ਦੇ ਮਹਾਨ ਯੁੱਧ ਦਾ ਲਾਈਵ ਪੈਨੋਰਮਾ ਵੀ ਦੇਖਿਆ। ਇਸ ਨੂੰ ਦੇਖ ਬੱਚੇ ਭਾਵੁਕ ਹੋ ਗਏ। ਵਰਮਾ ਨੇ ਦੱਸਿਆ ਕਿ ਵਿਦਿਅਕ ਟੂਰ ਸਿੱਖਿਆ ਵਿਭਾਗ ਦਾ ਨਿਵੇਕਲਾ ਉਪਰਾਲਾ ਹੈ। ਜ਼ਿਲ੍ਹਾ ਵਿਗਿਆਨ ਮਾਹਿਰ ਡਾ. ਤਰਸੇਮ ਕੌਸ਼ਕ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਕੁਰੂਕਸ਼ੇਤਰ ਬ੍ਰਹਮ ਸਰੋਵਰ ਤੇ ਜੋਤੀ ਸਰ ਤੀਰਥ ਦੇ ਵੀ ਦਰਸ਼ਨ ਕੀਤੇ। ਇਸ ਮੌਕੇ ਪ੍ਰੋਗਰਾਮ ਨੋਡਲ ਅਧਿਕਾਰੀ ਰਾਜ ਕੁਮਾਰ ਤੁਸ਼ਾਰ, ਡਾ. ਤਰਸੇਮ ਕੌਸ਼ਕ, ਰਾਧੇ ਸ਼ਾਮ ਸ਼ਰਮਾ, ਭਗਵਾਨ ਦਾਸ, ਦਇਆ ਸਿੰਘ ਸਵਾਮੀ, ਨਰੇਸ਼ ਗਰਗ, ਰਮਨ ਕੌਸ਼ਕ, ਪਵਨ ਮਿੱਤਲ, ਰਾਜੇਸ਼ ਸੈਣੀ, ਸੂਬੇ ਸਿੰਘ, ਨਰੇਸ਼ ਗਰਗ, ਸੁਮਨ ਤੇ ਵਿਦਿਆਰਥੀ ਮੌਜੂਦ ਸਨ।