ਵਿੱਜ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ
ਅੰਬਾਲਾ, 15 ਜੂਨ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਨਿਵਾਸ ’ਤੇ ਮੁਲਾਕਾਤ ਕਰਦਿਆਂ ਅੰਬਾਲਾ ਛਾਉਣੀ ਵਿਚ ਕਈ ਅਹਿਮ ਵਿਕਾਸ ਪ੍ਰਾਜੈਕਟਾਂ ਦੀ ਮੰਗ ਰੱਖੀ।
ਉਨ੍ਹਾਂ ਰੱਖਿਆ ਮੰਤਰੀ ਕੋਲ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਦੇ ਵਿਸਤਾਰ ਲਈ ਫੌਜੀ ਜ਼ਮੀਨ, ਘਰੇਲੂ ਹਵਾਈ ਅੱਡੇ ਲਈ ਬੀਸੀ ਬਜ਼ਾਰ ਤੋਂ ਜੀਟੀ ਰੋਡ ਤੱਕ ਫੋਰਲੇਨ ਸੜਕ ਬਣਾਉਣ ਅਤੇ ਕੈਂਟ ਇਲਾਕੇ ਦੀਆਂ ਕਈ ਪੁਰਾਣੀਆਂ ਤੇ ਤੰਗ ਸੜਕਾਂ ਨੂੰ ਵਿਸਥਾਰ ਦੇਣ ਦੀ ਮੰਗ ਕੀਤੀ। ਵਿੱਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੇ ਸਿਵਲ ਤੇ ਕੈਂਸਰ ਹਸਪਤਾਲ ਵਿਚ ਇਲਾਜ ਲਈ ਨਵਾਂ ਬੁਨਿਆਦੀ ਢਾਂਚਾ ਲੋੜੀਂਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 9 ਮਈ 2022 ਨੂੰ ਇਥੇ ਅਟਲ ਕੈਂਸਰ ਹਸਪਤਾਲ ਦੀ ਸ਼ੁਰੂਆਤ ਹੋਈ ਸੀ, ਜਿਸ ਵਿੱਚ ਹੁਣ ਸੱਤ ਗੁਆਂਢੀ ਰਾਜਾਂ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ। ਉਨ੍ਹਾਂ ਦੀ ਦੇਖਭਾਲ ਲਈ ਆਉਣ ਵਾਲੇ ਹੋਰ ਲੋਕਾਂ ਦੇ ਰਹਿਣ ਲਈ ਕੋਈ ਢੰਗ ਦੀ ਥਾਂ ਨਹੀਂ ਹੈ। ਇਸੇ ਲਈ ਉੱਥੇ ਧਰਮਸ਼ਾਲਾ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਹਸਪਤਾਲ ਵਿੱਚ ਕਰੀਟਿਕਲ ਕੇਅਰ ਸੈਂਟਰ ਬਣਾਉਣ ਦੀ ਯੋਜਨਾ ਤਹਿਤ ਰਾਸ਼ੀ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ। ਇਸੇ ਤਰ੍ਹਾਂ ਸਪਾਈਨਲ ਇੰਜਰੀ ਸੈਂਟਰ ਬਣਾਉਣ ਲਈ ਵੀ 2 ਤੋਂ 3 ਏਕੜ ਜ਼ਮੀਨ ਦੀ ਲੋੜ ਹੈ, ਜਿਸ ਦੀ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਹੈ। ਇੱਥੇ ਰੀੜ ਦੀ ਹੱਡੀ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਦੀ ਸਹੂਲਤ ਮਿਲੇਗੀ।
ਉਨ੍ਹਾਂ ਬੋਹ ਅਤੇ ਬਬਿਆਲ ਇਲਾਕਿਆਂ ਦੀਆਂ ਸੜਕਾਂ ਨੂੰ ਵੀ ਚੌੜੀਆਂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੰਬਾਲਾ ਦੀ ਵਧ ਰਹੀ ਆਬਾਦੀ ਨੂੰ ਦੇਖਦਿਆਂ ਇਹ ਜ਼ਰੂਰੀ ਹੈ।