ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਾਵਨ ਧਰਤੀ ’ਤੇ ਸਥਿਤ ਤਿਰੂਪਤੀ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਉੱਤਰੀ ਭਾਰਤ ਦੇ ਸ਼ਰਧਾਲੂਆਂ ਲਈ ਅਨਮੋਲ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਜਿਸ ਧਰਤੀ ਤੋਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਮਨੁੱਖਤਾ ਦੀ ਭਲਾਈ ਲਈ ਗੀਤਾ ਦਾ ਉਪਦੇਸ਼ ਦਿੱਤਾ ਸੀ, ਹੁਣ ਉਸੇ ਸਥਾਨ ’ਤੇ ਭਗਵਾਨ ਵਿਸ਼ਣੂ ਦੇ ਦਰਸ਼ਨ ਵੀ ਸੰਭਵ ਹੋ ਗਏ ਹਨ। ਮੁੱਖ ਮੰਤਰੀ ਅੱਜ ਵੈਕੁੰਠ ਇਕਾਦਸ਼ੀ ਦੇ ਪਵਿੱਤਰ ਮੌਕੇ ’ਤੇ ਕੁਰੂਕਸ਼ੇਤਰ ਸਥਿਤ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ।
ਸ੍ਰੀ ਸੈਣੀ ਨੇ ਮੰਦਰ ਪਰਿਸਰ ਦੀ ਪਰਿਕਰਮਾ ਕੀਤੀ ਅਤੇ ਪੂਰੀ ਸ਼ਰਧਾ ਤੇ ਰੀਤੀ-ਰਿਵਾਜਾਂ ਨਾਲ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਾਤਾ ਲਕਸ਼ਮੀ ਦੇਵੀ ਅਤੇ ਗੋਦਾ ਦੇਵੀ ਦੇ ਦਰਸ਼ਨ ਵੀ ਕੀਤੇ। ਧਾਰਮਿਕ ਮਹੱਤਤਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਦੂ ਧਰਮ ਵਿੱਚ ਵੈਕੁੰਠ ਇਕਾਦਸ਼ੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਇਸ ਦਿਨ ਸਵਰਗ ਦੇ ਦਰਵਾਜ਼ੇ ਖੁੱਲ੍ਹਦੇ ਹਨ ਅਤੇ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਮਨੁੱਖ ਨੂੰ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਰ ਉੱਤਰੀ ਭਾਰਤ ਵਿੱਚ ਸ਼ਰਧਾਲੂਆਂ ਦੀ ਆਸਥਾ ਦਾ ਇੱਕ ਪ੍ਰਮੁੱਖ ਕੇਂਦਰ ਬਣ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਧਾਰਮਿਕ ਅਸਥਾਨ ਸਮਾਜ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਪਵਿੱਤਰ ਅਸਥਾਨ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਮੁੱਖ ਮੰਤਰੀ ਨੇ ਸਮੂਹ ਦੇਸ਼ ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਸਾਲ ਸਭ ਦੇ ਜੀਵਨ ਵਿੱਚ ਨਵੀਆਂ ਉਮੀਦਾਂ ਅਤੇ ਤਰੱਕੀ ਲੈ ਕੇ ਆਵੇ।

