ਡੀ ਏ ਵੀ ਸ਼ਤਾਬਦੀ ਪਬਲਿਕ ਸਕੂਲ ਜੀਂਦ ਵਿੱਚ ‘ਵੀਰ ਬਾਲ ਦਿਵਸ’ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈ ਗਈ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਇਤਿਹਾਸ ਦੇ ਵੀਰ ਬਾਲਕਾਂ ਦੀਆਂ ਗਾਥਾਵਾਂ ’ਤੇ ਚਾਨਣਾ ਪਾਇਆ। ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਦੇ ਡਾ. ਧਰਮਦੇਵ ਵਿਦਿਆਰਥੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਵੇਂ ਇੰਨੀ ਛੋਟੀ ਉਮਰ ਵਿੱਚ ਸਾਹਿਬਜ਼ਾਦਿਆਂ ਨੇ ਧਰਮ ਅਤੇ ਸੱਚ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜੋ ਅੱਜ ਵੀ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿਦਿਆਰਥੀ ਨੇ ਕਿਹਾ ਕਿ ‘ਵੀਰ ਬਾਲ ਦਿਵਸ’ ਸਾਹਸ, ਆਤਮ-ਬਲ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਿਵਸ ਦੇ ਮਹੱਤਵ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ।
ਸਮਾਗਮ ਦੌਰਾਨ ਬੱਚਿਆਂ ਦਾ ਪ੍ਰਸ਼ਨ-ਉੱਤਰੀ ਮੁਕਾਬਲਾ ਕਰਵਾਇਆ ਗਿਆ ਅਤੇ ਫੋਟੋਆਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਡਾ. ਧਰਮਦੇਵ ਵਿਦਿਆਰਥੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਇਹ ਪ੍ਰਦਰਸ਼ਨੀ ਜ਼ਿਲ੍ਹਾ ਪੱਧਰ ਦੀ ਬਜਾਏ ਸੂਬਾ ਪੱਧਰ ’ਤੇ ਕਰਵਾਈ ਜਾਵੇਗੀ। ਇਸ ਮੌਕੇ ‘ਵੀਰ ਬਾਲ ਗਾਥਾ’ ਪੁਸਤਕ ਰਿਲੀਜ਼ ਕੀਤੀ ਗਈ ਅਤੇ ਇਹ ਕਿਤਾਬ ਹਾਜ਼ਰ ਦਰਸ਼ਕਾਂ ਨੂੰ ਮੁਫ਼ਤ ਵੰਡੀ ਗਈ। ਸਮਾਗਮ ਦੌਰਾਨ ਡਾ. ਕ੍ਰਿਸ਼ਨ ਲਾਲ ਮਿੱਢਾ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਡਿਪਟੀ ਸਪੀਕਰ ਡਾ. ਮਿੱਢਾ ਨੇ ਸਕੂਲ ਨੂੰ ਅਖ਼ਤਿਆਰੀ ਫੰਡ ਵਿੱਚੋਂ 2.50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

