ਯੂਕੇ ਵੱਲੋਂ 'ਵੀਜ਼ਾ ਧੋਖਾਧੜੀ ਤੋਂ ਬਚੋ' ਮੁਹਿੰਮ ਦੀ ਹਰਿਆਣਾ ’ਚ ਸ਼ੁਰੂਆਤ
ਯੂਕੇ ਵੱਲੋਂ ਹਰਿਆਣਾ ਵਿਚ 'ਵੀਜ਼ਾ ਧੋਖਾਧੜੀ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਅਨਿਯਮਿਤ ਪਰਵਾਸ ਦੇ ਜੋਖਮਾਂ ਤੋਂ ਬਚਾਉਣਾ ਹੈ। ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਗੌਰਵ...
ਯੂਕੇ ਵੱਲੋਂ ਹਰਿਆਣਾ ਵਿਚ 'ਵੀਜ਼ਾ ਧੋਖਾਧੜੀ ਤੋਂ ਬਚੋ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਅਨਿਯਮਿਤ ਪਰਵਾਸ ਦੇ ਜੋਖਮਾਂ ਤੋਂ ਬਚਾਉਣਾ ਹੈ। ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਰਾਜ ਮੰਤਰੀ ਗੌਰਵ ਗੌਤਮ ਨੇ ਸੋਨੀਪਤ ਵਿਚ ਯੂਕੇ ਗ੍ਰਹਿ ਦਫ਼ਤਰ ਦੇ ਕਾਰਜਕਾਰੀ ਸਥਾਈ ਸਕੱਤਰ ਸਾਈਮਨ ਰਿਡਲੇ ਦੀ ਮੌਜੂਦਗੀ ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ।
ਰਾਜ ਸਰਕਾਰ ਦੇ ਸਹਿਯੋਗ ਤੇ ਤਾਲਮੇਲ ਨਾਲ ਇਹ ਮੁਹਿੰਮ ਅੰਬਾਲਾ, ਕੈਥਲ, ਕਰਨਾਲ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ 'ਤੇ ਕੇਂਦਰਤ ਹੋਵੇਗੀ। ਇਹ ਮੁਹਿੰਮ ਯੂਕੇ ਜਾਣ ਦੇ ਚਾਹਵਾਨ ਯਾਤਰੀਆਂ ਨੂੰ ਵਟਸਐਪ ਚੈਟਬੋਟ (+91 70652 51380) ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਚੌਕਸ ਰਹਿਣ ਲਈ ਪ੍ਰੇਰਿਤ ਕਰੇਗੀ।
ਇਸ ਪਹਿਲ ਤਹਿਤ ਲੋਕਾਂ ਨੂੰ ਵੀਜ਼ਾ ਅਤੇ ਯੂਕੇ ਰੁਜ਼ਗਾਰ ਦੀ ਗਰੰਟੀ ਦੇ ਜਾਅਲੀ ਦਾਅਵਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ। ਟੀਮਾਂ ਲੋਕਾਂ ਨੂੰ ਇਹ ਵੀ ਦੱਸਣਗੀਆਂ ਕਿ ਆਇਲਟਸ ਜਿਹੇ ਟੈਸਟਾਂ ਦੀ ਕੋਈ ਲੋੜ ਨਹੀਂ ਤੇ ਨਾ ਹੀ ਵਧੇਰੇ ਫੀਸਾਂ ਦੇ ਭੁਗਤਾਨ ਲਈ ਕਿਹਾ ਜਾਵੇਗਾ। ਪੰਜਾਬ ਤੇ ਤਾਮਿਲਨਾਡੂ ਮਗਰੋਂ ਹਰਿਆਣਾ ਭਾਰਤ ਦਾ ਤੀਜਾ ਰਾਜ ਹੈ ਜਿੱਥੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਲਿੰਡੀ ਕੈਮਰਨ ਨੇ ਕਿਹਾ ਕਿ ਹਰਿਆਣਾ ਵਿੱਚ ਇਸ ਮੁਹਿੰਮ ਦੇ ਵਿਸਥਾਰ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਸੰਭਾਵੀ ਯਾਤਰੀਆਂ ਕੋਲ ਸਹੀ ਅਤੇ ਅਧਿਕਾਰਤ ਜਾਣਕਾਰੀ ਪੁੱਜੇ। ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਵਟਸਐਪ ਚੈਟਬੋਟ ਸਮੇਤ ਸਿਰਫ਼ ਪ੍ਰਮਾਣਿਤ ਚੈਨਲਾਂ 'ਤੇ ਭਰੋਸਾ ਕਰਨ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੀਓ ਨੇ ਕਿਹਾ ਕਿ ਸ਼ੋਸ਼ਣ ਅਤੇ ਅਨਿਯਮਿਤ ਪ੍ਰਵਾਸ ਨੂੰ ਰੋਕਣਾ ਯੂਕੇ ਅਤੇ ਭਾਰਤ ਦੀ ਸਾਂਝੀ ਤਰਜੀਹ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਮਿਲੇ ਸਹਿਯੋਗ ਲਈ ਮੁੱਖ ਮੰਤਰੀ ਨਾਇਬ ਸੈਣੀ ਦਾ ਧੰਨਵਾਦ ਕੀਤਾ।

