ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਅਗਸਤ
ਸਥਾਨਕ ਸਬਜ਼ੀ ਵਿਕਰੇਤਾ ਵਿਅਕਤੀ ਅਤੇ ਇੱਕ ਔਰਤ ਦੀ ਕਾਰ ਰਾਜਸਥਾਨ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਕੁਮਾਰ ਗੁਗਲਾਨੀ ਵਾਸੀ ਵਾਰਡ 12 ਅਤੇ ਜਸਪ੍ਰੀਤ ਕੌਰ ਵਾਸੀ ਮੰਡੀ ਕਿਲਿਆਂਵਾਲੀ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਦੋਵੇਂ ਕਥਿਤ ਤੌਰ |ਤੇ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਰਹਿੰਦੇ ਸਨ। ਜਾਣਕਾਰੀ ਅਨੁਸਾਰ ਕਾਰ ਚਾਲਕ ਰਾਜਕੁਮਾਰ ਨੇ ਅਬੁੱਬ ਸ਼ਹਿਰ ਦੇ ਨੇੜੇ ਰਾਜਸਥਾਨ ਕੈਨਾਲ ਦੇ ਮੁੱਖ ਪੁਲ ਨੇੜੇ ਕਾਰ ਨੂੰ ਨਹਿਰ ’ਚ ਉਤਾਰ ਦਿੱਤਾ, ਜਿਸ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਕਾਰ ਰਾਜਕੁਮਾਰ ਗੁਗਲਾਨੀ ਦੇ ਇੱਕ ਦੋਸਤ ਅਮਿਤ ਕੁਮਾਰ ਦੀ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਚੌਟਾਲਾ ਚੌਕੀ ਨੇ ਦੋਵਾਂ ਜਣਿਆਂ ਦੀ ਭਾਲ ਸ਼ੁਰੂ ਕੀਤੀ। ਅੱਜ ਬਾਅਦ ਦੁਪਹਿਰ ਪੁਲੀਸ ਨੇ ਕਾਰ ਨੂੰ ਨਹਿਰ ’ਚੋਂ ਬਾਹਰ ਕਢਵਾਇਆ, ਜਿਸ ਵਿੱਚੋਂ ਰਾਜਕੁਮਾਰ ਅਤੇ ਜਸਪ੍ਰੀਤ ਕੌਰ ਦੀਆਂ ਲਾਸ਼ਾਂ ਬਰਾਮਦ ਹੋਈਆਂ। ਸਦਰ ਥਾਣਾ ਦੀ ਪੁਲੀਸ ਨੇ 174 ਦੀ ਕਾਰਵਾਈ ਉਪਰੰਤ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।