ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਿੰਡ ਸਲਾਮਖੇੜਾ ਅਤੇ ਚੋਰਮਾਰ ਵਿਚਕਾਰ ਕੌਮੀ ਮਾਰਗ ਨੰਬਰ 9 ’ਤੇ ਦੋ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਇੱਕ ਮੋਟਰਸਾਈਕਲ ਸਵਾਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਦਰੱਖ਼ਤ ਨਾਲ ਟਕਰਾ ਕੇ ਜ਼ਖ਼ਮੀ ਹੋ ਗਿਆ ਜਿਸਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਔਢਾਂ ਥਾਣਾ ਪੁਲੀਸ ਨੇ ਮ੍ਰਿਤਕ ਦੇ ਭਰਾ ਰਾਮ ਲਾਲ ਵਾਸੀ ਲੋਹਗੜ੍ਹ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਰਾਮ ਲਾਲ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਮਾਮੇ ਦੀ ਸਿਰਸਾ ਵਿੱਚ ਮੌਤ ਹੋ ਗਈ ਸੀ ਤੇ ਉਹ ਦੋਵੇਂ ਭਰਾ ਸੋਗ ਸਮਾਗਮ ਵਿੱਚ ਆਏ ਸਨ। ਸ਼ਾਮ ਸਮੇਂ ਉਸਦਾ ਭਰਾ ਰਵੀ ਸਾਈਕਲ ’ਤੇ ਸਿਰਸਾ ਤੋਂ ਲੋਹਗੜ੍ਹ ਜਾ ਰਿਹਾ ਸੀ ਕਿ ਪਿੰਡ ਸਲਾਮਖੇੜਾ ਨੇੜੇ ਇੱਕ ਬੋਲੇਰੋ ਗੱਡੀ ਅਤੇ ਕਾਰ ਗਲਤ ਦਿਸ਼ਾ ’ਚ ਸਾਹਮਣਿਓਂ ਆ ਗਏ ਜਿਸ ਕਾਰਨ ਉਸ ਦਾ ਭਰਾ ਮੋਟਰਸਾਈਕਲ ਦਾ ਸੰਤੁਲਨ ਗੁਆ ਬੈਠਾ ਅਤੇ ਉਹ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਟਕਰਾ ਕੇ ਜ਼ਖਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ’ਚ ਔਢਾਂ ਸਥਿਤ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਸਿਰਸਾ ਰੈਫ਼ਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਟੱਲੇਵਾਲ (ਪੱਤਰ ਪ੍ਰੇਰਕ): ਬਰਨਾਲਾ-ਮੋਗਾ ਕੌਮੀ ਮਾਰਗ ਉਪਰ ਪਿੰਡ ਪੱਖੋਕੇ ਵਿੱਚ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਪੱਖੋ ਕੈਂਚੀਆਂ ਪੁਲੀਸ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਭੋਤਨਾ ਮੋਟਰਸਾਈਕਲ ‘ਤੇ ਸਵਾਰ ਆਪਣੇ ਪਿੰਡ ਤੋਂ ਬਰਨਾਲਾ ਵੱਲ ਆ ਰਿਹਾ ਸੀ ਕਿ ਪੱਖੋਕੇ ਦੇ ਰਜਵਾਹੇ ਨੇੜੇ ਗਲਤ ਸਾਈਡ ਤੋਂ ਆ ਰਹੇ ਗੁਰਸੇਵਕ ਸਿੰਘ ਜਵੰਦਾ ਪਿੰਡੀ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਗੁਰਸੇਵਕ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਏਮਜ਼ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰ ਰਹੀ ਹੈ।