Manimahesh Yatra Deaths: ਮਨੀ ਮਹੇਸ਼ ਯਾਤਰਾ 'ਤੇ ਗਏ ਦੋ ਸ਼ਰਧਾਲੂਆਂ ਦੀ 'ਦਿਲ ਦਾ ਦੌਰਾ' ਪੈਣ ਨਾਲ ਮੌਤ
ਮ੍ਰਿਤਕ ਸ਼ਰਧਾਲੂ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੱਲ ਰਹੀ ਮਨੀ ਮਹੇਸ਼ ਯਾਤਰਾ ਦੌਰਾਨ ਪਿਛਲੇ ਦੋ ਦਿਨਾਂ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਵਜ੍ਹਾ ਸ਼ੱਕੀ ਤੌਰ 'ਤੇ ਦਿਲ ਦਾ ਦੌਰਾ ਮੰਨੀ ਜਾ ਰਹੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਮ੍ਰਿਤਕਾਂ ਵਿੱਚੋਂ ਇੱਕ, ਸੁੱਚਾ ਸਿੰਘ (51), ਜੋ ਕਿ ਪੰਜਾਬ ਦੇ ਪਠਾਨਕੋਟ ਦਾ ਰਹਿਣ ਵਾਲੇ ਸਨ। ਉਹ ਗੌਰੀਕੁੰਡ ਵਿਖੇ ਲੰਗਰ ਦੀ ਸੇਵਾ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਉੱਥੇ ਹੀ, ਹਰਿਆਣਾ ਦੇ ਅੰਬਾਲਾ ਨਿਵਾਸੀ ਮਨਮੋਹਨ ਲਾਲ (55) ਦੀ ਮੰਗਲਵਾਰ ਨੂੰ ਸਾਹ ਲੈਣ ਵਿੱਚ ਤਕਲੀਫ਼ ਤੋਂ ਬਾਅਦ ਮੌਤ ਹੋ ਗਈ ਸੀ। ਉਹ ਸੋਮਵਾਰ ਨੂੰ ਆਪਣੇ ਦੋਸਤਾਂ ਨਾਲ ਭਰਮੌਰ ਤੋਂ ਹੈਲੀਕਾਪਟਰ ਦੁਆਰਾ ਗੌਰੀਕੁੰਡ ਪਹੁੰਚੇ ਸਨ ਅਤੇ ਉੱਥੋਂ ਡਲ ਝੀਲ ਵੱਲ ਪੈਦਲ ਰਵਾਨਾ ਹੋਏ ਸਨ।
ਝੀਲ ਦੇ ਨੇੜੇ ਇੱਕ ਤੰਬੂ ਵਿੱਚ ਠਹਿਰਨ ਦੌਰਾਨ ਉਨ੍ਹਾਂ ਨੇ ਸਾਹ ਲੈਣ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਅਤੇ ਜਦੋਂ ਤੱਕ ਮੈਡੀਕਲ ਸਹਾਇਤਾ ਪਹੁੰਚਦੀ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਉਹ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਸਨ।
ਦੋ ਦਿਨਾਂ ਵਿੱਚ ਦੋ ਮੌਤਾਂ ਤੋਂ ਬਾਅਦ, ਚੰਬਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਇਸ ਔਖੇ ਪੈਦਲ ਮਾਰਗ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਸਿਹਤ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਚੰਬਾ ਵਿੱਚ ਭਰਮੌਰ ਤੋਂ ਲਗਪਗ 26 ਕਿਲੋਮੀਟਰ ਦੂਰ 18,547 ਫੁੱਟ ਦੀ ਉਚਾਈ 'ਤੇ ਸਥਿਤ ਮਨੀ ਮਹੇਸ਼ ਕੈਲਾਸ਼ ਪਰਬਤ ਨੂੰ ਭਗਵਾਨ ਸ਼ਿਵ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ।
ਹੜਸਰ ਤੋਂ ਡਲ ਝੀਲ ਤੱਕ 14 ਕਿਲੋਮੀਟਰ ਦੀ ਔਖੀ ਪੈਦਲ ਚੜ੍ਹਾਈ ਵਾਲੀ ਇਹ ਅਧਿਕਾਰਤ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ ਸਤੰਬਰ ਦੇ ਅੰਤ ਤੱਕ ਚੱਲਦੀ ਹੈ।

