Tricity News: ਇਸ਼ਾਰਾ ਕਰਨ 'ਤੇ ਵੀ ਨਹੀਂ ਰੁਕੀ 'ਲਾਲ-ਨੀਲੀ ਬੱਤੀ' ਵਾਲੀ ਕਾਰ; ਡੀ ਸੀ ਪੀ ਨੇ 5 ਕਿਲੋਮੀਟਰ ਤੱਕ ਕੀਤਾ ਪਿੱਛਾ
ਗੱਡੀ ਜ਼ਬਤ ਅਤੇ 30,000 ਰੁਪਏ ਦਾ ਕੱਟਿਆ ਗਿਆ ਚਲਾਨ
ਡੀ ਸੀ ਪੀ (ਕਰਾਈਮ ਅਤੇ ਟਰੈਫਿਕ) ਅਮਰਿੰਦਰ ਸਿੰਘ ਨੇ ਬੀਤੀ ਰਾਤ ਖੁਦ ਕਰੀਬ 5 ਕਿਲੋਮੀਟਰ ਤੱਕ ਇੱਕ ਕਾਰ ਦਾ ਪਿੱਛਾ ਕੀਤਾ ਜਦੋਂ ਉਸ ਕਾਰ ਦੇ ਡਰਾਈਵਰ ਨੇ ਇਸ਼ਾਰਾ ਕਰਨ 'ਤੇ ਰੁਕਣ ਤੋਂ ਇਨਕਾਰ ਕਰ ਦਿੱਤਾ। ਆਖਰਕਾਰ ਸੈਕਟਰ-15 ਦੇ ਨੇੜੇ ਗੱਡੀ ਨੂੰ ਰੋਕਿਆ ਗਿਆ ਅਤੇ 30,000 ਰੁਪਏ ਦਾ ਚਲਾਨ ਕੱਟ ਕੇ ਇਸ ਨੂੰ ਜ਼ਬਤ ਕਰਵਾਇਆ ਗਿਆ।
ਪੁਲੀਸ ਅਨੁਸਾਰ, ਡੀ ਸੀ ਪੀ ਜਦੋਂ ਰਾਤ ਕਰੀਬ 8.30 ਵਜੇ ਆਪਣੀ ਸਰਕਾਰੀ ਗੱਡੀ ਵਿੱਚ ਸੈਕਟਰ-14 ਦੀ ਮਾਰਕੀਟ ਵਿੱਚੋਂ ਲੰਘ ਰਹੇ ਸਨ ਉਦੋਂ ਉਨ੍ਹਾਂ ਨੇ ਇੱਕ ਕਾਰ ਦੇਖੀ ਜਿਸ 'ਤੇ ਬਿਨਾਂ ਮਨਜ਼ੂਰੀ (ਅਣਅਧਿਕਾਰਤ) ਵਾਲੀ ਲਾਲ-ਨੀਲੀ ਬੱਤੀ ਅਤੇ ਆਰਜ਼ੀ (ਟੈਂਪਰੇਰੀ) ਨੰਬਰ ਪਲੇਟ ਲੱਗੀ ਹੋਈ ਸੀ। ਇਸ ਵਿੱਚ ਦੋ ਨੌਜਵਾਨ ਸਵਾਰ ਸਨ। ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਡਰਾਈਵਰ ਨੇ ਰੁਕਣ ਦੀ ਬਜਾਏ ਮਾਰਕੀਟ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ਵਿੱਚੋਂ ਕਾਰ ਤੇਜ਼ੀ ਨਾਲ ਭਜਾ ਲਈ।
ਡੀ ਸੀ ਪੀ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਇਸ ਨੂੰ ਸੈਕਟਰ-15 ਦੇ ਨੇੜੇ ਰੋਕਣ ਵਿੱਚ ਕਾਮਯਾਬ ਰਹੇ, ਜਿੱਥੇ ਸਿਟੀ ਟਰੈਫਿਕ ਥਾਣੇ ਦੇ ਐੱਸ ਐੱਚ ਓ (SHO) ਨੂੰ ਮੌਕੇ 'ਤੇ ਬੁਲਾਇਆ ਗਿਆ। ਕਈ ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰਨ ਤੋਂ ਬਾਅਦ, 30,000 ਰੁਪਏ ਦਾ ਚਲਾਨ ਕੱਟਿਆ ਗਿਆ ਅਤੇ ਗੱਡੀ ਜ਼ਬਤ ਕਰਕੇ ਥਾਣਾ ਸੈਕਟਰ-14 ਲਿਜਾਈ ਗਈ।
ਪੁਲੀਸ ਕਮਿਸ਼ਨਰ ਪੰਕਜ ਨੈਨ ਨੇ ਕਿਹਾ ਕਿ ਪੰਚਕੂਲਾ ਪੁਲੀਸ ਗੈਰ-ਮਨਜ਼ੂਰਸ਼ੁਦਾ ਸਟਿੱਕਰਾਂ, ਲਾਲ-ਨੀਲੀ ਬੱਤੀ, ਕਾਲੀਆਂ ਫਿਲਮਾਂ, ਗੈਰ-ਕਾਨੂੰਨੀ ਸਾਇਰਨ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਵਾਹਨਾਂ 'ਤੇ ਸਖ਼ਤ ਨਜ਼ਰ ਰੱਖ ਰਹੀ ਹੈ।

