ਜ਼ਿਲ੍ਹਾ ਪੱਧਰ ’ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ
ਸਿੱਖਿਆ ਅਧਿਕਾਰੀ ਸੰਧਾਵਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਆ
ਵਾਤਾਵਰਨ ਸੰਭਾਲ ਅਤੇ ‘ਗ੍ਰੀਨ ਇੰਡੀਆ ਮਿਸ਼ਤ ਤਹਿਤ ਜ਼ਿਲ੍ਹਾ ਪੱਧਰ ’ਤੇ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਦੀ ਸ਼ੁਰੂਆਤ ਨਿਊ ਹੈਪੀ ਪਬਲਿਕ ਸਕੂਲ ਸੁਢੈਲ ਦੇ ਵਿਹੜੇ ਵਿੱਚ ਬੂਟੇ ਲਾ ਕੇ ਕੀਤੀ ਗਈ। ਮੁਹਿੰਮ ਦਾ ਰਸਮੀ ਆਗਾਜ਼ ਸਿੱਖਿਆ ਵਿਭਾਗ ਅਤੇ ਸਕੂਲ ਅਧਿਆਪਕਾਂ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡੀ ਈ ਓ ਕੇ ਐੱਸ ਸੰਧਾਵਾ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗਗਨ ਸਿੱਖਿਆ ਵਿਭਾਗ ਦੇ ਅਧਿਕਾਰੀ ਗਗਨ ਅਤੇ ਬ੍ਰਿਜ ਮੋਹਨ ਵੀ ਸਨ। ਮੁੱਖ ਮਹਿਮਾਨ ਨੇ ਸਕੂਲ ਕੈਂਪਸ ਵਿੱਚ ਬੂਟਾ ਲਾਉਣ ਮਗਰੋਂ ਸਮਾਗਮ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬੂਟਿਆਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਸੰਭਾਲ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਸਹੁੰ ਚੁੱਕਾਈ। ਇਸ ਦੌਰਾਨ ਵਿਦਿਆਰਥੀਆਂ ਨੇ ਰੁੱਖਾਂ ਅਤੇ ਵਾਤਾਵਰਨ ਸੰਭਾਲ ਬਾਰੇ ਕਵਿਤਾਵਾਂ, ਭਾਸ਼ਣਾਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਆਪਣੇ ਭਾਸ਼ਣ ਵਿੱਚ ਸੰਧਾਵਾ ਨੇ ਕਿਹਾ ਕਿ ਮਾਨਸੂਨ ਦਾ ਮੌਸਮ ਰੁੱਖ ਲਗਾਉਣ ਲਈ ਸਭ ਤੋਂ ਢੁਕਵਾਂ ਸਮਾਂ ਹੈ, ਕਿਉਂਕਿ ਇਸ ਸਮੇਂ ਦੌਰਾਨ ਲਗਾਏ ਗਏ ਬੂਟਿਆਂ ਦੇ ਬਚਣ ਅਤੇ ਵੱਡੇ ਰੁੱਖ ਬਣਨ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਹਰੇਕ ਵਿਦਿਆਰਥੀ, ਅਧਿਆਪਕ ਅਤੇ ਨਾਗਰਿਕ ਨੂੰ ਘੱਟੋ-ਘੱਟ ਇੱਕ ਬੂਟਾ ਲਗਾਉਣ ਦੀ ਅਪੀਲ ਕੀਤੀ। ਸਕੂਲ ਡਾਇਰੈਕਟਰ ਵਿਕਾਸ ਸ਼ਰਮਾ ਨੇ ਕਿਹਾ ਕਿ ਸਕੂਲ ਸਿਰਫ਼ ਸਿੱਖਿਆ ਦੇਣ ਦਾ ਮਾਧਿਅਮ ਹੀ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਕੇਂਦਰ ਵੀ ਹੈ। ‘ਇਕ ਰੁੱਖ ਮਾਂ ਦੇ ਨਾਮ’ ਵਰਗੀਆਂ ਮੁਹਿੰਮਾਂ ਵਿਦਿਆਰਥੀਆਂ ਵਿੱਚ ਕੁਦਰਤ ਪ੍ਰਤੀ ਪਿਆਰ, ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ ਨੂੰ ਉਤਸ਼ਾਹਿਤ ਕਰਦੀਆਂ ਹਨ।

